
ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸਿਟੀ ਨੂੰ ਕੱਢ ਦਿਤਾ ਹੈ। ਬੱਚੀ ਦੀ ਹਾਲਤ ਸਥਿਰ ਹੈ ਤੇ ਹੌਲੀ-ਹੌਲੀ ਉਸ ਦੀ ਸਿਹਤ ਵਿਚ ਫਰਕ ਪੈ ਰਿਹਾ ਹੈ
ਕੋਲਕਾਤਾ, (ਭਾਸ਼ਾ ) : ਕੋਲਕਾਤਾ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਆਪਰੇਸ਼ਨ ਰਾਹੀ ਅੱਠ ਸਾਲ ਦੀ ਬੱਚੀ ਦੀ ਜਾਨ ਬਚਾ ਲਈ ਹੈ। ਬੱਚੀ ਨੇ ਇਕ ਛੋਟੀ ਜਿਹੀ ਸਿਟੀ ਨਿਗਲ ਲਈ ਸੀ ਜੋ ਉਸ ਦੇ ਗਲੇ ਤੋਂ ਹੁੰਦੀ ਹੋਈ ਫੇਫੜੇ ਵਿਚ ਜਾ ਕੇ ਫਸ ਗਈ ਸੀ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸਿਟੀ ਨੂੰ ਕੱਢ ਦਿਤਾ ਹੈ। ਬੱਚੀ ਦੀ ਹਾਲਤ ਸਥਿਰ ਹੈ ਤੇ ਹੌਲੀ-ਹੌਲੀ ਉਸ ਦੀ ਸਿਹਤ ਵਿਚ ਫਰਕ ਪੈ ਰਿਹਾ ਹੈ। ਬੱਚੀ ਦਾ ਨਾਮ ਰੀਮਾ ਖਾਤੂਨ ਹੈ। ਉਹ ਨਦੀਆ ਜ਼ਿਲ੍ਹੇ ਦੇ ਹੋਗਲਬੇੜੀਆ ਦੀ ਰਹਿਣ ਵਾਲੀ ਹੈ। ਦੱਸਿਆ ਗਿਆ ਹੈ ਕਿ 1 ਨਵੰਬਰ ਨੂੰ ਉਸ ਨੇ ਸਿਟੀ ਨਿਗਲ ਲਈ ਸੀ।
Operation
ਡਰ ਦੇ ਮਾਰੇ ਉਸ ਨੇ ਪਰਵਾਰ ਵਿਚ ਕਿਸੇ ਨੂੰ ਨਹੀਂ ਦੱਸਿਆ। ਪਰ ਹੌਲੀ-ਹੌਲੀ ਉਸ ਦੀ ਸਿਹਤ ਖਰਾਬ ਹੋਣ ਲਗੀ ਅਤੇ ਗਲੇ ਵਿਚ ਦਰਦ ਹੋਣ ਲਗਾ। ਪਰਵਾਰ ਵਾਲਿਆਂ ਨੇ ਹਸਪਤਾਲ ਵਿਖੇ ਦਿਖਾਇਆ ਪਰ ਹਾਲਤ ਵਿਚ ਸੁਧਾਰ ਨਾ ਹੋਇਆ। ਇਸ ਤੋਂ ਬਾਅਦ ਉਸ ਦਾ ਐਕਸਰੇ ਕੀਤਾ ਗਿਆ ਜਿਸ ਤੋਂ ਪਤਾ ਲਗਾ ਕਿ ਉਸ ਦੇ ਫੇਫੜੇ ਵਿਚ ਕੁਝ ਫਸਿਆ ਹੋਇਆ ਹੈ। ਘਰਵਾਲਿਆਂ ਨੇ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਛੋਟੀ ਜਿਹੀ ਸਿਟੀ ਬਜਾਉਣ ਵੇਲੇ ਉਸ ਦੇ ਗਲੇ ਵਿਚ ਚਲੀ ਗਈ ਸੀ।
ਇਸ ਤੋਂ ਬਾਅਦ ਉਸ ਨੂੰ ਕੋਲਕਾਤਾ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ। ਈਐਨਟੀ ਵਿਭਾਗ ਦੇ ਮੁਖੀ ਰਾਮਾਨੁਜ ਸਿਨਹਾ ਨੇ ਦੱਸਿਆ ਕਿ ਕਈ ਤਰ੍ਹਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਸਵੇਰੇ ਡਾਕਟਰ ਸੌਮਿਕ ਦਾਸ ਨੇ ਬੱਚੀ ਦਾ ਆਪ੍ਰੇਸ਼ਨ ਕੀਤਾ। ਲਗਭਗ 40 ਮਿੰਟ ਤੋਂ ਬਾਅਦ ਉਸ ਦੇ ਫੇਫੜੇ ਵਿਚ ਫਸੀ ਸਿਟੀ ਨੂੰ ਕੱਢਿਆ ਜਾ ਸਕਿਆ ਜਿਸ ਤੋਂ ਬਾਅਦ ਬੱਚੀ ਦੀ ਹਾਲਤ ਹੁਣ ਠੀਕ ਹੈ।