
ਕੇਰਲ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਹਜ਼ਾਰਾਂ ਲੋਕ ਹੁਣ ਵੀ ਸੁਰੱਖਿਅਤ ਕੱਢੇ ਜਾਣ ਦੀ ਆਸ ਲਗਾਈ ਬੈਠੇ ਹਨ। ਅਲਪਪੁਝਾ, ਤ੍ਰਿਸ਼ੂਰ ਅਤੇ ਏਰਨਾਕੁਲਮ ਜ਼ਿਲ੍ਹਿਆਂ ਦੇ...
ਇਡੁੱਕੀ : ਕੇਰਲ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਹਜ਼ਾਰਾਂ ਲੋਕ ਹੁਣ ਵੀ ਸੁਰੱਖਿਅਤ ਕੱਢੇ ਜਾਣ ਦੀ ਆਸ ਲਗਾਈ ਬੈਠੇ ਹਨ। ਅਲਪਪੁਝਾ, ਤ੍ਰਿਸ਼ੂਰ ਅਤੇ ਏਰਨਾਕੁਲਮ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਹੁਣ ਵੀ ਲੋਕ ਅਪਣੇ ਘਰਾਂ ਵਿਚ ਫਸੇ ਹੋਏ ਹਨ, ਜਿੱਥੇ ਉਨ੍ਹਾਂ ਦੇ ਕੋਲ ਭੋਜਨ ਅਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਬੋਰਡ ਨੇ ਕਿਹਾ ਕਿ ਇਸ ਦੱਖਣੀ ਰਾਜ ਵਿਚ ਅਗਲੇ ਚਾਰ ਦਿਨ ਤਕ ਭਾਰੀ ਬਾਰਿਸ਼ ਨਹੀਂ ਹੋਵੇਗੀ। ਦਸ ਦਈਏ ਕਿ ਹੜ੍ਹ ਦੇ ਚਲਦਿਆਂ ਹੁਣ ਤਕ 357 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ।
Kerala Flood Rescue
ਰਾਸ਼ਟਰੀ ਆਫ਼ਤ ਪ੍ਰਬੰਧਨ ਬੋਰਡ (ਐਨਡੀਆਰਐਫ) ਦੇ ਮੁਤਾਬਕ ਹੜ੍ਹ ਪ੍ਰਭਾਵਤ ਇਲਾਕਿਆਂ ਤੋਂ ਵੱਖ-ਵੱਖ ਏਜੰਸੀਆ ਨੇ 33 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢਿਆ ਹੈ। ਉਥੇ ਰਾਹਤ ਕੈਂਪਾਂ ਵਿਚ ਕਰੀਬ ਛੇ ਲੱਖ ਲੋਕ ਮੌਜੂਦ ਹਨ। ਉਥੇ ਐਤਵਾਰ ਨੂੰ ਨੇਵੀ ਦਾ ਜਹਾਜ਼ ਭਾਰੀ ਮਾਤਰਾ ਵਿਚ ਰਾਸ਼ਣ ਪਾਣੀ ਲੈ ਕੇ ਪਹੁੰਚਿਆ।
ਕੇਰਲ ਵਿਚ ਆਏ ਭਿਆਨਕ ਹੜ੍ਹ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫ਼ੈਲਣ ਦਾ ਸ਼ੱਕ ਵੀ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ ਜੇਪੀ ਨੱਡਾ ਨੇ ਦਸਿਆ ਕਿ ਕੇਰਲ ਦੇ ਹਾਲਾਤ 'ਤੇ ਸਾਡੀ ਲਗਾਤਾਰ ਨਜ਼ਰ ਹੈ। ਸਿਹਤ ਸਕੱਤਰ ਡਿਜੀਜ਼ ਸਰਵਿਲਾਂਸ ਨੈੱਟਵਰਕ ਜ਼ਰੀਏ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ।
Kerala Flood Rescue
ਕੇਰਲ ਦੇ ਹੜ੍ਹ ਪੀੜਤਾਂ ਲਈ ਛੱਤੀਸਗੜ੍ਹ ਦੇ ਪੁਲਿਸ ਅਫ਼ਸਰਾਂ ਨੇ ਅਪਣੀ ਇਕ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ। ਕੇਰਲ ਵਿਚ ਸਦੀ ਦੇ ਭਿਆਨਕ ਹੜ੍ਹ ਵਿਚ ਦੇਸ਼-ਦੁਨੀਆ ਦੇ ਲੋਕ ਮਦਦ ਦਾ ਹੱਥ ਵਧਾ ਰਹੇ ਹਨ। ਹੁਣ ਇਸ ਵਿਚ ਛੱਤੀਸਗੜ੍ਹ ਆਈਪੀਐਸ ਐਸੋਸੀਏਸ਼ਨ ਅਤੇ ਰਾਜ ਪੁਲਿਸ ਐਸੋਸੀਏਸ਼ਨ ਵੀ ਸਾਹਮਣੇ ਆਈ ਹੈ। ਅਫ਼ਸਰਾਂ ਨੇ ਦਸਿਆ ਕਿ ਉਨ੍ਹਾਂ ਨੇ ਇਕ ਦਿਨ ਦੀ ਤਨਖ਼ਾਹ ਕੇਰਲ ਆਫ਼ਤ ਫੰਡ ਵਿਚ ਦੇਣ ਦਾ ਫ਼ੈਸਲਾ ਲਿਆ ਹੈ। ਰਾਜ ਸੇਵਾ ਦੇ ਪੁਲਿਸ ਅਧਿਕਾਰੀਆਂ ਨੇ ਵੀ ਅਪਣੀ ਤਨਖ਼ਾਹ ਕੇਰਲ ਦੇ ਮੁੱਖ ਮੰਤਰੀ ਆਫ਼ਤ ਰਾਹਤ ਫੰਡ ਵਿਚ ਦੇਣ ਦਾ ਫ਼ੈਸਲਾ ਕੀਤਾ ਹੈ।
Kerala Flood
ਇਸੇ ਦੌਰਾਨ ਕੇਰਲ ਦੇ ਸਾਰੇ ਜ਼ਿਲ੍ਹਿਆਂ ਤੋਂ ਆਰੇਂਜ ਅਲਰਟ ਹਟਾ ਲਿਆ ਗਿਆ ਹੈ। ਜਦਕਿ ਇਡੁੱਕੀ, ਕੋਜੀਕੋਡ, ਕੰਨੂਰ ਵਿਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਕੇਰਲ ਵਿਚ ਮਾਨਸੂਨ ਵਿਚ ਆਮ ਨਾਲੋਂ 42 ਫ਼ੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਉਥੇ ਸਭ ਤੋਂ ਜ਼ਿਆਦਾ ਪ੍ਰਭਾਵਤ ਜ਼ਿਲ੍ਹੇ ਇਡੁੱਕੀ ਵਿਚ ਆਮ ਨਾਲੋਂ 92 ਫ਼ੀਸਦੀ ਜ਼ਿਆਦਾ ਅਤੇ ਪਲੱਕੜ ਵਿਚ ਆਮ ਨਾਲੋਂ 72 ਫ਼ੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।
Kerala Flood
ਮੌਸਮ ਵਿਭਾਗ ਦੇ ਅਧਿਕਾਰੀ ਮ੍ਰਿਤਯੁੰਜੈ ਮਹਾਪਾਤਰਾ ਨੇ ਦਸਿਆ ਹੈ ਕਿ ਆਉਣ ਵਾਲੇ 4-5 ਦਿਨਾਂ ਵਿਚ ਕੇਰਲ ਵਿਚ ਭਾਰੀ ਬਾਰਿਸ਼ ਦਾ ਪੱਧਰ ਘੱਟ ਹੋਵੇਗਾ ਅਤੇ ਹੌਲੀ-ਹੌਲੀ ਇੱਥੋਂ ਦਾ ਪਾਣੀ ਪੱਧਰ ਵੀ ਘੱਟ ਹੋ ਜਾਵੇਗਾ। ਕੇਰਲ ਵਿਚ 8 ਅਗੱਸਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਉਥੇ ਆਏ ਹੜ੍ਹ ਅਤੇ ਢਿੱਗਾਂ ਡਿਗਣ ਨਾਲ ਰਾਜ ਵਿਚ ਹਾਹਾਕਾਰ ਮਚਿਆ ਹੋਇਆ ਹੈ। ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ।