
ਪਰਿਵਾਰ ਵੱਲੋਂ ਸਕੂਲ ਪ੍ਰਸ਼ਾਸਨ 'ਤੇ ਅਣਗਹਿਲੀ ਦਾ ਦੋਸ਼
ਫ਼ਿਰੋਜ਼ਾਬਾਦ - ਫ਼ਿਰੋਜ਼ਾਬਾਦ ਦੇ ਸ਼ਿਕੋਹਾਬਾਦ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਮੰਗਲਵਾਰ ਨੂੰ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਝਗੜੇ 'ਚ ਇੱਕ ਬੱਚੇ ਦੀ ਮੌਤ ਹੋ ਗਈ।
ਸ਼ਿਕੋਹਾਬਾਦ ਦੇ ਸਟੇਸ਼ਨ ਹਾਊਸ ਅਫ਼ਸਰ ਹਰਵਿੰਦਰ ਮਿਸ਼ਰਾ ਨੇ ਦੱਸਿਆ ਕਿ ਕਿਸ਼ਨਪੁਰ ਪਿੰਡ ਵਾਸੀ ਵਰਿੰਦਰ ਸਿੰਘ ਦਾ ਸੱਤ ਸਾਲਾ ਪੁੱਤਰ ਸ਼ਿਵਮ ਕਿਸ਼ਨਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਸੀ।
ਉਨ੍ਹਾਂ ਦੱਸਿਆ, “ਸੋਮਵਾਰ ਨੂੰ ਉਸ ਦਾ ਸਾਹਿਪਾਠੀਆਂ ਨਾਲ ਝਗੜਾ ਹੋ ਗਿਆ। ਇਸ ਵਿੱਚ ਦੂਜੀ ਧਿਰ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਉਸ ਦੀ ਛਾਤੀ 'ਤੇ ਛਾਲਾਂ ਮਾਰੀਆਂ।ਹਾਲਤ ਵਿਗੜਨ 'ਤੇ ਪਰਿਵਾਰ ਉਸ ਨੂੰ ਸ਼ਿਕੋਹਾਬਾਦ ਵਿਖੇ ਹਸਪਤਾਲ ਲੈ ਗਏ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।"
ਉਨ੍ਹਾਂ ਕਿਹਾ, ''ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਸ਼ਾਸਨ 'ਤੇ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਫ਼ਿਲਹਾਲ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਪ੍ਰਸ਼ਾਸਨ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।"
ਸੰਪਰਕ ਕਰਨ 'ਤੇ ਜ਼ਿਲ੍ਹਾ ਮੈਜਿਸਟਰੇਟ ਰਵੀਰੰਜਨ ਨੇ ਕਿਹਾ ਕਿ ਜ਼ਿਲ੍ਹਾ ਮੁਢਲੀ ਸਿੱਖਿਆ ਅਧਿਕਾਰੀ ਆਸ਼ੀਸ਼ ਕੁਮਾਰ ਪਾਂਡੇ ਅਤੇ ਸ਼ਿਕੋਹਾਬਾਦ ਦੇ ਉਪ-ਜ਼ਿਲ੍ਹਾ ਮੈਜਿਸਟਰੇਟ ਸ਼ਿਵ ਧਿਆਨ ਪਾਂਡੇ ਨੂੰ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਭੇਜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਸਕੂਲ ਦੇ ਮੁੱਖ ਅਧਿਆਪਕ, ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।