
ਮੁਲਜ਼ਮਾਂ ਦੇ ਮਾਪਿਆਂ ਨੇ ਪ੍ਰਗਟਾਈ ਹੈਰਾਨਗੀ
Parliament Security Breach: ਲੋਕ ਸਭਾ ’ਚ ਬੁਧਵਾਰ ਨੂੰ ਦਰਸ਼ਕ ਗੈਲਰੀ ’ਚੋਂ ਛਾਲ ਮਾਰ ਕੇ ਸਦਨ ’ਚ ਪ੍ਰਦਰਸ਼ਨ ਕਰਨ ਵਾਲੇ ਨੌਜੁਆਨਾਂ ਦੇ ਮਾਪਿਆਂ ਨੂੰ ਅਪਣੇ ਬੱਚਿਆਂ ਵਲੋਂ ਇਸ ਤਰ੍ਹਾਂ ਦੀ ਹਰਕਤ ਦਾ ਕੋਈ ਚਿੱਤ-ਚੇਤਾ ਨਹੀਂ ਸੀ ਅਤੇ ਉਨ੍ਹਾਂ ਨੇ ਇਸ ਸਨਸਨੀਖੇਜ਼ ਘਟਨਾ ’ਤੇ ਹੈਰਾਨਗੀ ਪ੍ਰਗਟਾਈ ਹੈ।
ਛਾਲ ਮਾਰਨ ਵਾਲਿਆਂ ’ਚੋਂ ਇਕ ਲਖਨਊ ਦੇ ਮਾਨਕ ਨਗਰ ਥਾਣਾ ਖੇਤਰ ਹੇਠ ਆਉਣ ਵਾਲੇ ਰਾਮਨਗਰ ਇਲਾਕੇ ਦਾ ਵਾਸੀ ਸਾਗਰ ਸ਼ਰਮਾ ਵੀ ਸੀ। ਸਾਗਰ ਦੇ ਪ੍ਰਵਾਰਕ ਜੀਆਂ ਨੇ ਪੁਸ਼ਟੀ ਕੀਤੀ ਕਿ ਉਹ ਕੁਝ ਦਿਨ ਪਹਿਲਾਂ ਦਿੱਲੀ ’ਚ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਘਰੋਂ ਨਿਕਲਿਆ ਸੀ ਪਰ ਉਹ ਸੰਸਦ ’ਚ ਹੋਈ ਘਟਨਾ ’ਚ ਉਸ ਦੀ ਸ਼ਮੂਲੀਅਤ ਦੇ ਇਰਾਦੇ ਬਾਰੇ ਕੁਝ ਨਹੀਂ ਜਾਣਦੇ ਸਨ।
ਸਾਗਰ ਦੀ ਨਾਬਾਲਗ ਭੈਣ ਪਾਇਲ ਸ਼ਰਮਾ ਨੇ ਕਿਹਾ, ‘‘ਮੈਂ ਅਪਣੇ ਭਰਾ ਨੂੰ ਅਪਣੀ ਮਾਂ ਨੂੰ ਇਹ ਕਹਿੰਦੇ ਸੁਣਿਆ ਕਿ ਉਹ ਕੁਝ ਦਿਨ ਪਹਿਲਾਂ ਇਕ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਦਿੱਲੀ ਜਾ ਰਿਹਾ ਹੈ। ਮੇਰਾ ਭਰਾ ਈ-ਰਿਕਸ਼ਾ ਚਲਾਉਂਦਾ ਸੀ। ਉਹ ਪਹਿਲਾਂ ਬੰਗਲੁਰੂ ’ਚ ਕੰਮ ਕਰਦਾ ਸੀ।’’ ਸਾਗਰ ਦੇ ਮਾਮਾ ਪ੍ਰਦੀਪ ਸ਼ਰਮਾ ਨੇ ਕਿਹਾ, ‘‘ਮੈਨੂੰ ਕੁਝ ਨਹੀਂ ਪਤਾ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਕੋਈ ਕੁਝ ਨਹੀਂ ਦੱਸ ਸਕਦਾ।’’ ਸਾਗਰ ਦਾ ਪਿਤਾ ਰੌਸ਼ਨ ਲਾਲ ਕਾਰਪੈਂਟਰ ਦਾ ਕੰਮ ਕਰਦਾ ਹੈ। ਘਟਨਾ ’ਚ ਸਾਗਰ ਦੀ ਸ਼ਮੂਲੀਅਤ ਬਾਰੇ ਸੁਣ ਕੇ ਬੁਧਵਾਰ ਸ਼ਾਮ ਨੂੰ ਉਨ੍ਹਾਂ ਦੇ ਗੁਆਂਢੀ ਅਤੇ ਪੱਤਰਕਾਰ ਉਸ ਦੇ ਘਰ ਇਕੱਠਾ ਹੋਣੇ ਸ਼ੁਰੂ ਹੋ ਗਏ। ਕਾਨੂੰਨ ਵਿਵਸਥਾ ਯਕੀਨੀ ਕਰਨ ਲਈ ਘਰ ਕੋਲ ਸਥਾਨਕ ਪੁਲਿਸ ਇਕਾਈ ਤੈਨਾਤ ਕੀਤੀ ਗਈ ਹੈ।
ਦੂਜੇ ਪਾਸੇ ਬੈਂਗਲੁਰੂ ’ਚ ਰਹਿਣ ਵਾਲੇ ਮਨੋਰੰਜਨ ਡੀ. ਦੇ ਪਿਤਾ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਬੇਟੇ ਨੇ ਕੋਈ ‘ਬੇਇਨਸਾਫੀ’ ਕੀਤੀ ਹੈ ਤਾਂ ਉਸ ਨੂੰ ਫਾਂਸੀ ਦੇ ਦਿਤੀ ਜਾਣੀ ਚਾਹੀਦੀ ਹੈ। ਦੇਵਰਾਜੇ ਗੌੜਾ ਨੇ ਕਿਹਾ ਕਿ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਇਮਾਨਦਾਰ ਅਤੇ ਸੱਚਾ ਹੈ ਅਤੇ ਹਮੇਸ਼ਾ ਸਮਾਜ ਲਈ ਚੰਗਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ, ‘‘ਉਹ ਸਵਾਮੀ ਵਿਵੇਕਾਨੰਦ ਦੀਆਂ ਕਿਤਾਬਾਂ ਪੜ੍ਹਦਾ ਹੈ। ਮੈਨੂੰ ਲਗਦਾ ਹੈ ਕਿ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਦੇ ਮਨ ’ਚ ਅਜਿਹੇ ਵਿਚਾਰ ਵਿਕਸਤ ਹੋਏ।’’
ਉਨ੍ਹਾਂ ਕਿਹਾ, ‘‘ਜੇ ਉਸ ਨੇ ਸਮਾਜ ਨਾਲ ਕੋਈ ਬੇਇਨਸਾਫੀ ਕੀਤੀ ਹੈ, ਤਾਂ ਉਹ ਮੇਰਾ ਪੁੱਤਰ ਨਹੀਂ ਹੈ। ਜੇ ਉਹ ਦੋਸ਼ੀ ਹੈ ਤਾਂ ਉਸ ਨੂੰ ਫਾਂਸੀ ਦਿਤੀ ਜਾਵੇ। ਅਸੀਂ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜੇ ਹਾਂ।’’ ਉਨ੍ਹਾਂ ਕਿਹਾ, ‘‘ਮਨੋਰੰਜਨ ਨੇ ਬੀ.ਈ. ਦੀ ਡਿਗਰੀ ਪੂਰੀ ਕਰ ਲਈ ਸੀ ਅਤੇ ਉਹ ਬੈਂਗਲੁਰੂ ਅਤੇ ਨਵੀਂ ਦਿੱਲੀ ਜਾ ਰਿਹਾ ਸੀ।’’ ਦੇਵਰਾਜੇ ਗੌੜਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੇ ਉਨ੍ਹਾਂ ਦੇ ਪੁੱਤਰ ਨੂੰ ਇੰਜੀਨੀਅਰਿੰਗ ਕਾਲਜ ਵਿਚ ਸੀਟ ਦਿਵਾਉਣ ’ਚ ਮਦਦ ਕੀਤੀ ਸੀ। ਇਸ ਦੌਰਾਨ ਏ.ਸੀ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ’ਚ ਪੁਲਿਸ ਦੀ ਇਕ ਟੀਮ ਮੈਸੂਰੂ ਦੇ ਵਿਜੈਨਗਰ ਇਲਾਕੇ ’ਚ ਮਨੋਰੰਜਨ ਦੇ ਘਰ ਪਹੁੰਚ ਗਈ ਹੈ ਅਤੇ ਉਸ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਮੈਸੂਰੂ-ਕੋਡਾਗੂ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ, ਜਿਨ੍ਹਾਂ ਦੇ ਦਫਤਰ ਤੋਂ ਮੁਲਜ਼ਮ ਨੌਜਵਾਨਾਂ ਨੂੰ ਪਾਸ ਜਾਰੀ ਕੀਤੇ ਗਏ ਸਨ, ਨੇ ਕਿਹਾ ਕਿ ਨੌਜੁਆਨਾਂ ਨੇ ਉਨ੍ਹਾਂ ਨੂੰ ਕਾਰਵਾਈ ਵੇਖਣ ਦੀ ਅਪੀਲ ਕੀਤੀ ਸੀ। ਹਰਿਆਣਾ ਦੀ ਜੀਂਦ ਵਾਸੀ ਨੀਲਮ ਦੀ ਮਾਂ ਨੇ ਕਿਹਾ ਕਿ ਉਹ ਸਿਵਲ ਸੇਵਾ ਇਮਤਿਹਾਨਾਂ ਦੀ ਤਿਆਰੀਆਂ ਦੇ ਸਿਲਸਿਲੇ ’ਚ ਸੂਬੇ ਦੇ ਹਿਸਾਰ ਜ਼ਿਲ੍ਹੇ ’ਚ ਇਕ ‘ਪੇਇੰਗ ਗੈਸਟ’ ਵਜੋਂ ਰਹਿ ਰਹੀ ਸੀ ਅਤੇ 25 ਨਵੰਬਰ ਨੂੰ ਘਰ ਤੋਂ ਹਿਸਾਰ ਲਈ ਨਿਕਲੀ ਸੀ। ਉਨ੍ਹਾਂ ਕਿਹਾ ਕਿ ਨੀਲਮ ਦੇ ਦਿੱਲੀ ਜਾਣ ਅਤੇ ਪ੍ਰਦਰਸ਼ਨ ’ਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੂੰ ਮੀਡੀਆ ਦੀਆਂ ਖ਼ਬਰਾਂ ਤੋਂ ਹੀ ਪਤਾ ਲੱਗਾ।
ਉਨ੍ਹਾਂ ਕਿਹਾ, ‘‘ਮੈਂ ਅੱਜ ਸਵੇਰੇ ਅਪਣੀ ਧੀ ਨਾਲ ਗੱਲ ਕੀਤੀ ਅਤੇ ਉਸ ਨੇ ਧਿਆਨ ਨਾਲ ਮੈਨੂੰ ਅਪਣੀ ਦਵਾਈ ਲੈਣ ਲਈ ਕਿਹਾ। ਸਾਨੂੰ ਪਤਾ ਨਹੀਂ ਸੀ ਕਿ ਉਹ ਦਿੱਲੀ ਗਈ ਸੀ। ਮੈਨੂੰ ਨਹੀਂ ਪਤਾ ਕਿ ਉਸ ਨੇ ਇਹ ਕਦਮ ਕਿਵੇਂ ਚੁਕਿਆ। ਹੋ ਸਕਦਾ ਹੈ ਕਿ ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਅਜਿਹਾ ਕੀਤਾ ਹੋਵੇ।’’
ਨੀਲਮ ਦੇ ਪਰਵਾਰ ਦਾ ਦਾਅਵਾ ਹੈ ਕਿ ਉਹ ਪੋਸਟ ਗ੍ਰੈਜੂਏਟ, ਐਮ.ਫਿਲ. ਅਤੇ ਨੈਸ਼ਨਲ ਐਲੀਜੀਬਿਲਟੀ ਟੈਸਟ (ਨੈਟ) ਪਾਸ ਹੈ ਅਤੇ ਸਰਕਾਰੀ ਨੌਕਰੀਆਂ ਲਈ ਮੁਕਾਬਲੇਬਾਜ਼ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਹੈ। ਔਰਤ ਦੇ ਪਰਿਵਾਰਕ ਜੀਆਂ ਨੇ ਕਿਹਾ ਕਿ ਨੀਲਮ ਬੇਰੁਜ਼ਗਾਰੀ ਅਤੇ ਵਿਦਿਆਰਥਣਾਂ ਨਾਲ ਬੇਇਨਸਾਫੀ ਵਰਗੇ ਅੰਦੋਲਨਾਂ ’ਚ ਸਰਗਰਮ ਰਹੀ ਸੀ ਅਤੇ ਕਿਸਾਨ ਅੰਦੋਲਨ ’ਚ ਵੀ ਹਿੱਸਾ ਲਿਆ ਸੀ। ਨੀਲਮ, ਹੋਰ ਪਛੜੇ ਵਰਗ (ਓ.ਬੀ.ਸੀ.) ਨਾਲ ਸਬੰਧਤ ਘੁਮਿਆਰ ਭਾਈਚਾਰੇ ਤੋਂ ਹੈ। ਉਸ ਦੇ ਪਰਿਵਾਰ ’ਚ ਉਸ ਦੇ ਮਾਤਾ-ਪਿਤਾ, ਤਿੰਨ ਭੈਣਾਂ ਅਤੇ ਦੋ ਭਰਾ ਹਨ। ਉਸ ਦੇ ਪਿਤਾ ਕੋਹਾੜ ਸਿੰਘ ਉਚਾਨਾ ਮੰਡੀ ’ਚ ਹਲਵਾਈ ਦਾ ਕੰਮ ਕਰਦੇ ਹਨ।