
ਸਾਈਬਰ ਅਪਰਾਧਾਂ ਦੀ ਰੋਕਥਾਮ 'ਤੇ ਵੀ ਵਿਸ਼ੇਸ਼ ਤਵੱਜੋ
ਜੈਪੁਰ - ਰਾਜਸਥਾਨ ਸਰਕਾਰ ਨੇ ਨਵੇਂ ਪੁਲਿਸ ਥਾਣਿਆਂ ਅਤੇ ਚੌਕੀਆਂ ਸਮੇਤ ਪੁਲਿਸ ਦੀਆਂ ਹੋਰ ਪ੍ਰਬੰਧਕੀ ਇਮਾਰਤਾਂ ਦੇ ਨਿਰਮਾਣ ਲਈ 176 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਇੱਕ ਅਧਿਕਾਰਤ ਬਿਆਨ ਅਨੁਸਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜ ਵਿੱਚ ਪੁਲਿਸ ਸੁਪਰਡੈਂਟ ਅਤੇ ਸਰਕਲ ਦਫ਼ਤਰਾਂ, ਨਵੇਂ ਪੁਲਿਸ ਸਟੇਸ਼ਨਾਂ ਅਤੇ ਚੌਕੀਆਂ ਦੇ ਨਿਰਮਾਣ ਲਈ 176.11 ਕਰੋੜ ਰੁਪਏ, ਅਤੇ ਪੁਲਿਸ ਲਾਈਨ ਸਿਰੋਹੀ, ਛੇਵੀਂ ਬਟਾਲੀਅਨ ਆਰ.ਏ.ਸੀ. ਧੌਲਪੁਰ ਅਤੇ ਮੇਵਾੜ ਭੀਲ ਕੋਰ ਖੈਰਵਾੜਾ ਦੀਆਂ ਪ੍ਰਬੰਧਕੀ ਇਮਾਰਤਾਂ ਦੇ ਨਿਰਮਾਣ ਵਾਸਤੇ 25.37 ਕਰੋੜ ਰੁਪਏ ਦੀ ਵਿੱਤੀ ਪ੍ਰਵਾਨਗੀ ਦਿੱਤੀ ਹੈ।
ਪ੍ਰਸਤਾਵ ਤਹਿਤ ਸੂਬੇ ਵਿੱਚ 26 ਨਵੇਂ ਥਾਣਿਆਂ ਅਤੇ ਤਿੰਨ ਸਾਈਬਰ ਸਟੇਸ਼ਨਾਂ ਦੀ ਉਸਾਰੀ ਲਈ 99.72 ਕਰੋੜ ਰੁਪਏ, 16 ਪੁਲਿਸ ਚੌਕੀਆਂ ਦੀ ਉਸਾਰੀ ਲਈ 13.15 ਕਰੋੜ ਰੁਪਏ, 16 ਪੁਲਿਸ ਥਾਣਿਆਂ ਦੇ ਨਵੀਨੀਕਰਨ ਤੇ ਪੁਨਰ ਨਿਰਮਾਣ ਲਈ 55.02 ਕਰੋੜ ਰੁਪਏ, ਅਤੇ ਨਵੇਂ ਬਣੇ ਐਸ.ਪੀ. ਤੇ ਸਰਕਲ ਦਫ਼ਤਰ ਲਈ 8.20 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਬਿਆਨ ਅਨੁਸਾਰ ਮੁੱਖ ਮੰਤਰੀ ਦੇ ਇਸ ਫ਼ੈਸਲੇ ਨਾਲ ਅਮਨ-ਕਨੂੰਨ ਨੂੰ ਕਾਇਮ ਰੱਖਣਾ ਬਿਹਤਰ ਬਣੇਗਾ, ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਥਾਨਕ ਪੱਧਰ 'ਤੇ ਹੀ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਸਾਈਬਰ ਪੁਲਿਸ ਸਟੇਸ਼ਨ ਬਣਨ ਨਾਲ ਸਾਈਬਰ ਅਪਰਾਧਾਂ 'ਤੇ ਵੀ ਰੋਕ ਲੱਗੇਗੀ।