
ਠੱਗੀਆਂ ਦਾ ਸ਼ਿਕਾਰ ਹੋਏ 80 ਤੋਂ 90 ਫ਼ੀਸਦੀ ਲੋਕ ਜ਼ਿਆਦਾ ਪੜ੍ਹੇ ਲਿਖੇ
ਪੰਜਾਬ 'ਚ ਧੋਖਾਧੜੀਆਂ ਦਾ ਅੰਕੜਾ
ਸਾਲ ਮਾਮਲੇ
2018 1414
2019 1715
2020 2148
2021 3563
2022 3972
ਸਰੋਤ: ਰਾਸ਼ਟਰੀ ਖ਼ਪਤਕਾਰ ਹੈਲਪਲਾਈਨ
ਨਵੀਂ ਦਿੱਲੀ : ਦੇਸ਼ ’ਚ ਆਨਲਾਈਨ ਖਰੀਦਦਾਰੀ ਦਾ ਰੁਝਾਨ ਵੱਧ ਰਿਹਾ ਹੈ ਪਰ ਇਸ ਨਾਲ ਜਿਥੇ ਸਮੇਂ ਦੀ ਬੱਚਤ ਹੁੰਦੀ ਹੈ ਉਥੇ ਹੀ ਆਨਲਾਈਨ ਠੱਗੀਆਂ ਦਾ ਸਿਲਸਿਲਾ ਵੀ ਸ਼ੁਮਾਰ ਹੋ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਆਨਲਾਈਨ ਧੋਖਾਧੜੀਆਂ ਵਿੱਚ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ।
ਬਿਊਰੋ ਵਲੋਂ ਜਾਰੀ ਰਿਪੋਰਟ ਮੁਤਾਬਕ ਪੰਜ ਸਾਲ ਪਹਿਲਾਂ ਆਨਲਾਈਨ ਧੋਖਾਧੜੀ ਦੀਆਂ ਸ਼ਿਕਾਇਤਾਂ ਦਰਜ ਹੋਣ ਦੀ ਗਿਣਤੀ 60 ਹਜ਼ਾਰ ਤੋਂ ਘੱਟ ਸੀ ਜਦਕਿ ਹੁਣ ਇਹ ਵਧ ਕੇ ਕਰੀਬ 1 ਲੱਖ 84 ਹਜ਼ਾਰ ਹੋ ਗਈਆਂ ਹਨ। ਜੇਕਰ ਆਬਾਦੀ ਦੇ ਅੰਕੜਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਸਭ ਤੋਂ ਵੱਧ ਠੱਗੀ ਦਾ ਸ਼ਿਕਾਰ ਹੋਏ ਲੋਕ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਬਿਹਾਰ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਹਨ। ਦਿੱਲੀ ਦੀ ਆਬਾਦੀ ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਹੈ। ਫਿਰ ਵੀ ਆਨਲਾਈਨ ਧੋਖਾਧੜੀ ਦੇ ਮਾਮਲੇ ’ਚ ਦਿੱਲੀ ਦੇਸ਼ ’ਚ ਤੀਜੇ ਨੰਬਰ ’ਤੇ ਹੈ।
ਇਸ ਸੂਚੀ ਵਿੱਚ ਪੰਜਾਬ ਵੀ ਬਹੁਤ ਪਿੱਛੇ ਨਹੀਂ ਹੈ ਸਗੋਂ ਸਤਵੇਂ ਸਥਾਨ 'ਤੇ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਵਿੱਚ ਵੀ ਆਨਲਾਈਨ ਠੱਗੀਆਂ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋਇਆ ਹੈ। ਜ਼ਿਆਦਾ ਹੈਰਾਨਕੁੰਨ ਗੱਲ ਇਹ ਹੈ ਕਿ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਿੱਚ 80 ਤੋਂ 90 ਫ਼ੀਸਦੀ ਲੋਕ ਜ਼ਿਆਦਾ ਪੜ੍ਹੇ ਲਿਖੇ ਹਨ। ਇਹ ਅੰਕੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਵਲੋਂ ਸਾਂਝਾ ਕੀਤਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਸਿਰਫ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹੀ ਬੈਂਕਿੰਗ ਸੇਵਾਵਾਂ ਅਤੇ ਲੈਣ-ਦੇਣ ਆਨਲਾਈਨ ਕਰਦੇ ਹਨ।
ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਪਿਛਲੇ ਪੰਜ ਸਾਲਾਂ ਦੌਰਾਨ ਆਨਲਾਈਨ ਧੋਖਾਧੜੀ ਦੇ ਮਾਮਲਿਆਂ ’ਚ ਤਿੰਨ ਗੁਣਾ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਹਿਸਾਬ ਨਾਲ ਹਰ ਮਹੀਨੇ ਔਸਤਨ 15 ਹਜ਼ਾਰ 320 ਕੇਸ ਦਰਜ ਹੋ ਰਹੇ ਹਨ। ਇਹ ਅਜਿਹੇ ਮਾਮਲੇ ਹਨ, ਜਿਨ੍ਹਾਂ ਦੀ ਸ਼ਿਕਾਇਤ ਸਾਈਬਰ ਸੈੱਲ ਤੱਕ ਪਹੁੰਚ ਗਈ ਹੈ। ਇਹ ਸਪੱਸ਼ਟ ਹੈ ਕਿ ਹਜ਼ਾਰਾਂ ਖਪਤਕਾਰ ਹਨ ਜੋ ਸਾਈਬਰ ਸੈੱਲ ਤੱਕ ਨਹੀਂ ਪਹੁੰਚ ਪਾ ਰਹੇ ਹਨ। ਹਾਲਾਂਕਿ ਕੁਝ ਸੂਬਿਆਂ ਨੇ ਆਪਣੇ ਤਰੀਕੇ ਨਾਲ ਇਸ ਨੂੰ ਕਾਬੂ ਕੀਤਾ ਹੈ, ਪਰ ਕਈ ਸੂਬਿਆਂ ’ਚ ਅਜੇ ਵੀ ਇਸ ਤਰ੍ਹਾਂ ਦੀ ਧੋਖਾਧੜੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ, ਆਨਲਾਈਨ ਕਾਰੋਬਾਰ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਲਈ ਉਪਭੋਗਤਾ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੋਣੀ ਲਾਜ਼ਮੀ ਹੈ। ਸ਼ਿਕਾਇਤ ਮਿਲਣ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ। ਨਾਲ ਹੀ ਇਕ ਟੋਲ ਫਰੀ ਨੰਬਰ-1930 ਵੀ ਜਾਰੀ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਦੇ ਆਧਾਰ ’ਤੇ ਰਾਜਾਂ ’ਚ ਵੀ ਅਜਿਹੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਾਲ-ਦਰ-ਸਾਲ ਵੱਖ-ਵੱਖ ਸੂਬਿਆਂ ਵਿਚ ਸਾਹਮਣੇ ਆਏ ਧੋਖਾਧੜੀਆਂ ਦੇ ਮਾਮਲੇ
ਸੂਬਾ : 2018 : 2019 : 2020 : 2021 : 2022
ਯੂਪੀ : 7076 : 9824 : 11576 : 21130 : 2548
ਮਹਾਰਾਸ਼ਟਰ : 795 :10180 :11800 ;18560 ;18799
ਦਿੱਲੀ : 704 ;8692 ;10046 ;14550 ;14661
ਬਿਹਾਰ : 2086 ; 2828 ; 3950 ; 8625 ;11515
ਹਰਿਆਣਾ : 3618 : 4568 : 5428 : 8514 : 9371
ਮੱਧ ਪ੍ਰਦੇਸ਼ : 2834 : 4058 : 4735 : 6592 : 8976
ਪੰਜਾਬ : 1414 : 1715 ; 2148 ;3563 ;3972
ਝਾਰਖੰਡ : 871 : 1138 ; 1338 ; 2895 : 3618
ਉੱਤਰਾਖੰਡ : 638 : 906 : 1090 : 2260 : 2260
ਛੱਤੀਸਗੜ੍ਹ : 633 : 886 : 1090 : 1665 : 1907
ਜੰਮੂ ਅਤੇ ਕਸ਼ਮੀਰ : 588 : 711 : 616 : 1348 : 1534
ਹਿਮਾਚਲ ਪ੍ਰਦੇਸ਼ : 399 : 440 : 666 : 1204 : 1281
ਚੰਡੀਗੜ੍ਹ : 270 : 371 : 430 : 559 : 588