
ਭਾਜਪਾ ਬੁਲਾਰੇ ਨੇ ਕਿਹਾ ਕਿ ਆਮਦਨ ਕਰ ਵਿਭਾਗ ਦਾ 'ਸਰਵੇਖਣ ਆਪਰੇਸ਼ਨ' ਨਿਯਮਾਂ ਤੇ ਸੰਵਿਧਾਨ ਅਧੀਨ
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ. ਬੀ. ਸੀ.) ਨੂੰ ਦੁਨੀਆ ਦਾ ਸਭ ਤੋਂ 'ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ' ਕਰਾਰ ਦਿੰਦੇ ਹੋਏ ਕਿਹਾ ਕਿ ਇਸ ਮੀਡੀਆ ਸਮੂਹ ਖ਼ਿਲਾਫ਼ ਆਮਦਨ ਕਰ ਵਿਭਾਗ ਵੱਲੋਂ ਜਾਰੀ 'ਸਰਵੇਖਣ ਆਪਰੇਸ਼ਨ' ਕਾਰਵਾਈ ਨਿਯਮਾਂ ਤੇ ਸੰਵਿਧਾਨ ਦੇ ਅਧੀਨ ਹੈ।
ਇੱਥੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ 'ਤੇ ਹਮਲਾ ਕਰਨ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ, ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਬੀ.ਬੀ.ਸੀ. 'ਤੇ ਪਾਬੰਦੀ ਲਗਾਈ ਸੀ।
ਭਾਟੀਆ ਨੇ ਕਿਹਾ, "ਬੀ.ਬੀ.ਸੀ. ਵਿਰੁੱਧ ਆਮਦਨ ਕਰ ਵਿਭਾਗ ਦੀ ਕਾਰਵਾਈ ਨਿਯਮਾਂ ਅਨੁਸਾਰ ਅਤੇ ਸੰਵਿਧਾਨ ਦੇ ਤਹਿਤ ਹੋ ਰਹੀ ਹੈ।"
ਉਨ੍ਹਾਂ ਕਿਹਾ ਕਿ ਭਾਰਤ ਸੰਵਿਧਾਨ ਅਤੇ ਕਨੂੰਨ ਤਹਿਤ ਚੱਲਦਾ ਹੈ ਅਤੇ ਅੱਜ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਹੈ।
ਉਨ੍ਹਾਂ ਕਿਹਾ, ''ਇਨਕਮ ਟੈਕਸ ਵਿਭਾਗ... ਇਹ ਪਿੰਜਰੇ ਦਾ ਤੋਤਾ ਨਹੀਂ ਹੈ। ਉਹ ਆਪਣਾ ਕੰਮ ਕਰ ਰਿਹਾ ਹੈ।"
ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਕੋਈ ਵੀ ਏਜੰਸੀ ਹੋਵੇ, ਮੀਡੀਆ ਗਰੁੱਪ ਹੋਵੇ, ਜੇਕਰ ਉਹ ਭਾਰਤ ਵਿੱਚ ਕੰਮ ਕਰ ਰਹੀ ਹੈ, ਕੁਝ ਗਲਤ ਨਹੀਂ ਕੀਤਾ ਹੈ ਅਤੇ ਕਨੂੰਨ ਦੀ ਪਾਲਣਾ ਕੀਤੀ ਹੈ ਤਾਂ ਡਰ ਕਿਸ ਗੱਲ ਦਾ?
ਭਾਟੀਆ ਨੇ ਕਿਹਾ, ''ਇਨਕਮ ਟੈਕਸ ਵਿਭਾਗ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।"
ਭਾਟੀਆ ਨੇ ਕਿਹਾ, “ਜੇਕਰ ਅਸੀਂ ਬੀ.ਬੀ.ਸੀ. ਦੀਆਂ ਕਰਤੂਤਾਂ ਦੇਖੀਏ, ਤਾਂ ਇਹ ਪੂਰੀ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ ਬਣ ਗਈ ਹੈ। ਦੁੱਖ ਦੀ ਗੱਲ ਹੈ ਕਿ ਬੀ.ਬੀ.ਸੀ. ਦਾ ਪ੍ਰੋਪੇਗੰਡਾ ਤੇ ਕਾਂਗਰਸ ਦਾ ਏਜੰਡਾ ਮੇਲ ਖਾਂਦਾ ਹੈ।"
ਉਨ੍ਹਾਂ ਕਿਹਾ ਕਿ ਜਦੋਂ ਇਹ ਕਾਰਵਾਈ ਚੱਲ ਰਹੀ ਹੈ, ਵਿਰੋਧੀ ਪਾਰਟੀਆਂ, ਚਾਹੇ ਉਹ ਕਾਂਗਰਸ, ਤ੍ਰਿਣਮੂਲ ਕਾਂਗਰਸ ਜਾਂ ਸਮਾਜਵਾਦੀ ਪਾਰਟੀ ਹੋਵੇ, ਇਨ੍ਹਾਂ ਦੀ ਸਿਆਸੀ ਪ੍ਰਤੀਕਿਰਿਆ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਵਿੱਚ ਬੀ.ਬੀ.ਸੀ. ਦਫ਼ਤਰਾਂ ਵਿੱਚ 'ਸਰਵੇਖਣ ਆਪਰੇਸ਼ਨ' ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਹੈਰਾਨੀਜਨਕ ਕਦਮ ਬੀ.ਬੀ.ਸੀ. ਵੱਲੋਂ ਦੋ ਭਾਗਾਂ ਵਾਲੀ ਦਸਤਾਵੇਜ਼ੀ 'ਇੰਡੀਆ: ਦ ਮੋਦੀ ਕੁਏਸਚਨ' ਦੇ ਪ੍ਰਸਾਰਣ ਤੋਂ ਕੁਝ ਹਫ਼ਤੇ ਬਾਅਦ ਚੁੱਕਿਆ ਗਿਆ ਹੈ।
ਭਾਟੀਆ ਨੇ ਕਿਹਾ ਕਿ ਬੀ.ਬੀ.ਸੀ. ਦੇ ਇਤਿਹਾਸ ਨੂੰ 'ਕਲੰਕਿਤ' ਰਿਹਾ ਹੈ ਅਤੇ ਇਹ ਭਾਰਤ ਖ਼ਿਲਾਫ਼ ਤਰੁੱਟੀਪੂਰਨ ਕੰਮ ਕਰਦਾ ਰਿਹਾ ਹੈ।
ਉਨ੍ਹਾਂ ਨੇ ਕਾਂਗਰਸ ਨੂੰ ਯਾਦ ਦਿਵਾਇਆ ਕਿ ਇੰਦਰਾ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਹੁੰਦਿਆਂ ਬੀ.ਬੀ.ਸੀ. 'ਤੇ ਪਾਬੰਦੀ ਲਗਾਈ ਸੀ।
ਉਨ੍ਹਾਂ ਦੋਸ਼ ਲਾਇਆ ਕਿ ਬੀ.ਬੀ.ਸੀ. 'ਚ ਪੱਤਰਕਾਰੀ ਦੀ ਆੜ ਵਿੱਚ 'ਏਜੰਡਾ' ਚਲਾਇਆ ਜਾਂਦਾ ਹੈ।