
ਸਾਲ 2018 ਵਿਚ ਦੇਸ਼ ਛੱਡਣ ਵਾਲੇ ਅਮੀਰਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ।
ਨਵੀਂ ਦਿੱਲੀ: ਭਾਰਤ ਦੇ ਵਪਾਰ ਵਿਚ ਵਾਧਾ ਹੋਣ ਦੇ ਨਾਲ ਹਾਲ ਹੀ ਵਿਚ ਜਾਰੀ ਕੀਤੀ ਗਈ ਇਕ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਦੇਸ਼ ਛੱਡਣ ਵਾਲੇ ਅਮੀਰਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਕ ਅਖਬਾਰ ਦੇ ਅਨੁਸਾਰ ਸਾਲ 2018 ਵਿਚ ਦੇਸ਼ ਛੱਡਣ ਵਾਲੇ ਅਮੀਰਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਪਿਛਲੇ ਸਾਲ ਕਰੀਬ 5000 ਕਰੋੜਪਤੀਆਂ ਅਤੇ ਜ਼ਿਆਦਾ ਜਾਇਦਾਦ ਵਾਲੇ ਵਿਅਕਤੀਆਂ ਨੇ ਦੇਸ਼ ਛੱਡ ਦਿੱਤਾ। ਇਹ ਗਿਣਤੀ ਦੇਸ਼ ਦੇ ਜ਼ਿਆਦਾ ਜਾਇਦਾਦ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਦਾ ਦੋ ਫੀਸਦੀ ਹਿੱਸਾ ਹੈ।
ਇਸਦੇ ਨਾਲ ਹੀ ਨਿਊ ਵਰਲਡ ਵੈਲਥ ਦੀ ਇਕ ਰਿਪੋਰਟ ਅਨੁਸਾਰ 2017 ਵਿਚ 7000 ਕਰੋੜਪਤੀਆਂ ਨੇ ਅਪਣਾ ਸਥਾਈ ਨਿਵਾਸ ਕਿਸੇ ਹੋਰ ਦੇਸ਼ ਨੂੰ ਬਣਾ ਲਿਆ ਹੈ। ਸਾਲ 2016 ਵਿਚ ਇਹ ਗਿਣਤੀ 6,000 ਅਤੇ 2015 ਵਿਚ 4,000 ਸੀ। ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵੀਊ 2019 ਨਾਮਕ ਇਕ ਰਿਪੋਰਟ ਨੂੰ ਅਫਰੇਸ਼ੀਆ ਬੈਂਕ ਐਂਡ ਰਿਸਰਚ ਫਰਮ ਨਿਊ ਵਰਲਡ ਵੈਲਥ ਨੇ ਜਾਰੀ ਕੀਤਾ ਹੈ। ਇਸ ਰਿਪੋਰਟ ਅਨੁਸਾਰ ਸਾਲ 2018 ਵਿਚ ਦੇਸ਼ ਛੱਡਣ ਵਾਲੇ ਜ਼ਿਆਦਾ ਜਾਇਦਾਦ ਵਾਲੇ ਵਿਅਕਤੀਆਂ ਦੀ ਗਿਣਤੀ ਬ੍ਰਿਟੇਨ ਤੋਂ ਵੀ ਜ਼ਿਆਦਾ ਰਹੀ ਹੈ ਜਦਕਿ ਬ੍ਰਿਟੇਨ ‘ਚ ਬ੍ਰੇਕਜ਼ਿਟ ਦੇ ਕਾਰਨ ਸਿਆਸਤ ਵਿਚ ਉਥਲ ਪੁਥਲ ਮਚੀ ਹੋਈ ਹੈ।
ਦਰਅਸਲ ਪਿਛਲੇ ਤਿੰਨ ਦਹਾਕਿਆਂ ਤੋਂ ਬ੍ਰਿਟੇਨ ਵੱਡੀ ਗਿਣਤੀ ਦੇ ਅਮੀਰਾਂ ਨੂੰ ਆਕਰਸ਼ਿਤ ਕਰਨ ਦੇ ਮਾਮਲੇ ਵਿਚ ਟਾਪ ਦੇਸ਼ਾਂ ਵਿਚ ਰਹਿੰਦਾ ਸੀ ਪਰ ਬ੍ਰੇਕਜ਼ਿਟ ਦੇ ਕਾਰਨ ਪਿਛਲੇ ਦੋ ਸਾਲਾਂ ਵਿਚ ਹਾਲਤ ਬਦਲ ਗਈ ਹੈ। ਉਥੇ ਹੀ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ ਵਿਚ ਚੀਨ ਪਹਿਲੇ ਨੰਬਰ ‘ਤੇ ਹੇ ਜਿਸਦਾ ਕਾਰਨ ਅਮਰੀਕਾ ਦੇ ਨਾਲ ਜਾਰੀ ਉਸਦੀ ਵਪਾਰਿਕ ਲੜਾਈ ਹੈ। ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ ਵਿਚ ਰੂਸ ਦੂਜੇ ਸਥਾਨ ‘ਤੇ ਹੇ। ਉਥੇ ਹੀ ਦੂਜੇ ਪਾਸੇ ਦੁਨੀਆ ਭਰ ਦੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਅਮਰੀਕਾ ਅਤੇ ਅਸਟ੍ਰੇਲੀਆ ਪਸੰਦੀਦਾ ਦੇਸ਼ਾਂ ਵਿਚ ਸਭ ਤੋਂ ਉਪਰ ਹੈ।
ਭਾਰਤ ਦੇਸ਼ ਵਿਚ ਜ਼ਿਆਦਾ ਜਾਇਦਾਦ ਵਾਲੇ ਵਿਅਕਤੀਆਂ ਕੋਲ ਦੇਸ਼ ਦੀ ਲਗਭਗ ਅੱਧੀ ਜਾਇਦਾਦ ਹੈ। ਵਿਸ਼ਵ ਪੱਧਰ ‘ਤੇ ਇਹ ਅੰਕੜੇ ਜਿੱਥੇ ਔਸਤ 36 ਫੀਸਦੀ ਦੇ ਹਨ ਤਾਂ ਉਥੇ ਹੀ ਭਾਰਤ ਵਿਚ 48 ਫੀਸਦੀ ਹਨ। ਹਾਲਾਂਕਿ ਇਸਦੇ ਬਾਵਜੂਦ ਅਗਲੇ 10 ਸਾਲਾਂ ਵਿਚ ਭਾਰਤ ਦੀ ਕੁੱਲ ਜਾਇਦਾਦ ਵੱਡੇ ਪੱਧਰ ‘ਤੇ ਵਧਣ ਦੀ ਆਸ ਹੈ। ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵੀਊ 2019 ਅਨੁਸਾਰ ਜਾਇਦਾਦ ਪੈਦਾ ਕਰਨ ਦੇ ਮਾਮਲੇ ਵਿਚ ਸਾਲ 2028 ਤੱਕ ਭਾਰਤ ਬ੍ਰਿਟੇਨ ਅਕੇ ਜਰਮਨੀ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਉਥੇ ਹੀ ਅਗਲੇ 10 ਸਾਲਾਂ ਵਿਚ ਇਸ ਆਰਥਿਕ ਵਾਧੇ ਨੂੰ ਰਫਤਾਰ ਦੇਣ ਵਿਚ ਦਿੱਲੀ, ਬੰਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰ ਅਪਣਾ ਯੋਗਦਾਨ ਦੇਣਗੇ। ਹਾਲਾਂਕਿ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਵਿਚ ਹੋਣ ਵਾਲੇ ਅਮੀਰਾ ਦਾ ਪਰਵਾਸ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਦੋਵੇਂ ਹੀ ਦੇਸ਼ ਜਿੰਨੀ ਗਿਣਤੀ ਵਿਚ ਅਪਣੇ ਅਮੀਰਾਂ ਨੂੰ ਗੁਆ ਰਹੇ ਹਨ ਉਸ ਤੋਂ ਵੀ ਜ਼ਿਆਦਾ ਗਿਣਤੀ ਵਿਚ ਪੈਦਾ ਵੀ ਕਰ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਦੇ ਨਾਲ ਹੀ ਜਿਵੇਂ ਹੀ ਦੇਸ਼ ਵਿਚ ਰਹਿਣ ਸਹਿਣ ਦੇ ਪੱਧਰ ਵਿਚ ਸੁਧਾਰ ਹੋਵੇਗਾ ਤਾਂ ਉਮੀਦ ਹੈ ਕਿ ਅਮੀਰ ਲੋਕ ਦੇਸ਼ ਵਿਚ ਵਾਪਿਸ ਆ ਜਾਣਗੇ।