
ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੇ ਵਕਾਰ ਨੂੰ ਹੇਠਾਂ ਡੇਗ ਦਿੱਤਾ ਹੈ ਜਿਸ ਉੱਤੇ ਟਾਈਮ ਮੈਗਜ਼ੀਨ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ|
ਪਠਾਨਕੋਟ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਪਣੀਆਂ ਸਿਆਸੀ ਖਾਹਿਸ਼ਾਂ ਦੇ ਲਈ ਦੇਸ਼ ਨੂੰ ਜਾਤ ਤੇ ਧਰਮ ਦੇ ਅਧਾਰ 'ਤੇ ਵੰਡਣ ਦੀਆਂ ਕੋਸ਼ਿਸ਼ਾਂ ਲਈ ਟਾਈਮ ਮੈਗਜ਼ੀਨ ਵੱਲੋਂ ਆਪਣੇ ਕਵਰ ਪੇਜ ਉੱਤੇ ਉਸ ਨੂੰ 'ਡਿਵਾਈਡਰ ਇੰਨ ਚੀਫ' ਕਹੇ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਫਟਕਾਰ ਲਗਾਈ ਹੈ|ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੇ ਵਕਾਰ ਨੂੰ ਹੇਠਾਂ ਡੇਗ ਦਿੱਤਾ ਹੈ ਜਿਸ ਉੱਤੇ ਟਾਈਮ ਮੈਗਜ਼ੀਨ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ|
American magazine Time news
ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਆਗੂਆਂ ਨੇ ਸੰਯੁਕਤ ਰਾਸ਼ਟਰ ਵਰਗੇ ਵਿਸ਼ਵ ਪੱਧਰੀ ਮੰਚਾਂ ਉੱਤੇ ਭਾਰਤ ਦੇ ਵਕਾਰ ਨੂੰ ਵਧਾਇਆ ਸੀ ਪਰ ਮੋਦੀ ਨੇ ਇਸ ਨੂੰ ਘਟਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਟਾਈਮ ਮੈਗਜ਼ੀਨ ਦਾ ਮੋਹਰੀ ਪੰਨਾ ਇਹ ਦੱਸਦਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਮੋਦੀ ਬਾਰੇ ਕੀ ਸੋਚਦਾ ਹੈ ਜਿਸ ਨੇ ਸੰਸਾਰ ਭਰ ਵਿਚ ਭਾਰਤ ਦੇ ਵਕਾਰ ਨੂੰ ਘਟਾਇਆ ਹੈ|
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਨੂੰ ਤਬਾਹ ਕਰਨ ਦੀ ਮੋਦੀ ਦੀ ਸ਼ਰਮਨਾਕ ਕੋਸ਼ਿਸ਼ ਦੇਸ਼ ਲਈ ਇਕ ਚੁਣੌਤੀ ਹੈ | ਉਨ੍ਹਾਂ ਨੇ ਲੋਕਾਂ ਨੂੰ ਭਾਰਤ ਦੇ ਏਕੇ ਅਤੇ ਭਵਿੱਖ ਲਈ ਵੋਟ ਕਰਨ ਦਾ ਸੱਦਾ ਦਿੱਤਾ ਹੈ ਜਿਸ ਦੀ ਵਿਭਿੰਨਤਾ ਅਤੇ ਧਰਮ ਨਿਰਪੱਖਤਾ ਮੁੱਖ ਤਾਕਤ ਹੈ | ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਕਿ ਇਸ ਨੂੰ ਇਕਮੁਠ ਰੱਖ ਸਕੇ ਅਤੇ ਇਸ ਨੂੰ ਮੋਦੀ ਵਰਗੇ ਆਗੂਆਂ ਦੀ ਕੋਈ ਜ਼ਰੂਰਤ ਨਹੀਂ ਹੈ ਜੋ ਦੇਸ਼ ਦੀ ਏਕਤਾ ਨੂੰ ਤਬਾਹ ਕਰਨ ਲਈ ਤੁਲੇ ਹੋਏ ਹਨ |
Captain Amarinder Singh
ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੋਦੀ ਨੇ ਭਾਰਤ ਨੂੰ ਅੱਜ ਤੱਕ ਦੇ ਸਭ ਤੋਂ ਨਿਮਨ ਪੱਧਰ'ਤੇ ਲੈ ਆਂਦਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਲੜਾਈ ਦੇਸ਼ ਨੂੰ ਬਚਾਉਣ ਦੀ ਹੈ| ਕੈਪਟਨ ਅਮਰਿੰਦਰ ਸਿੰਘ ਨੇ ਭੋਆ ਵਿਖੇ ਲੇਟ ਪਹੁੰਚਣ ਲਈ ਮੁਆਫੀ ਮੰਗੀ ਕਿਉਂਕਿ ਮੋਦੀ ਸਰਕਾਰ ਦੀਆਂ ਸੌੜੀਆਂ ਹਦਾਇਤਾਂ ਦੇ ਕਾਰਨ ਉਨ੍ਹਾਂ ਦੀ ਉਡਾਣ ਨੂੰ ਪਠਾਨਕੋਟ ਵਿਖੇ ਉਤਰਣ ਦੀ ਆਗਿਆ ਨਹੀਂ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਦੇਰੀ ਹੋਈ |
ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪੱਕੀ ਹਾਰ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿਚ ਬੇਚੈਨੀ ਪੈਦਾ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਘਟੀਆ ਕਿਸਮ ਦੇ ਦਾਅ-ਪੇਚ ਲੜਾ ਰਹੇ ਹਨ |ਬਾਲਾਕੋਟ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਮੋਦੀ ਦੀ ਇੱਕ ਵਾਰੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਬਾਲਾਕੋਟ ਦੀ ਜਿੱਤ ਪ੍ਰਧਾਨ ਮੰਤਰੀ ਦੀ ਨਹੀਂ ਸਗੋਂ ਹਥਿਆਰਬੰਦ ਫੌਜਾਂ ਦੀ ਹੈ| ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਅਤੇ ਇੱਥੋਂ ਦੀਆਂ ਸਰਹੱਦਾਂ ਦੀ ਸਾਲਾਂ ਤੋਂ ਰੱਖਿਆ ਕਰਨ ਲਈ ਮਹਾਨ ਬਲਿਦਾਨ ਦੇਣ ਵਾਲੇ ਫੌਜੀਆਂ ਨੂੰ ਦੇਸ਼ ਸਲਾਮ ਕਰਦਾ ਹੈ|
BJP
ਉਨ੍ਹਾਂ ਕਿਹਾ ਕਿ ਸਰਹੱਦੋਂ ਪਾਰ ਹਮਲਿਆਂ ਨੂੰ ਸਰਜਿਕਲ ਸਟ੍ਰਾਈਕ ਦਾ ਨਵਾਂ ਨਾਂ ਦੇ ਕੇ ਮੋਦੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਹ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੇ ਕੋਈ ਨਵੀਂ ਗੱਲ ਕੀਤੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਹਕੀਕਤ ਇਹ ਹੈ ਕਿ ਇੰਦਰਾ ਗਾਂਧੀ ਦੀ ਅਗਵਾਈ ਵਿਚ ਪਾਕਿਸਤਾਨ ਨੂੰ 1971 ਵਿਚ ਵੰਡੇ ਜਾਣ ਸਣੇ ਪਿਛਲੇ ਸਮੇਂ ਦੌਰਾਨ ਇਸ ਤੋਂ ਵੀ ਵੱਡੇ ਅਨੇਕਾਂ ਹਮਲੇ ਕੀਤੇ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ| ਵੱਡੀ ਗਿਣਤੀ ਪੰਜਾਬੀ ਹਥਿਆਰਬੰਦ ਫੌਜਾਂ ਵਿਚ ਹਨ |ਉਨ੍ਹਾਂ ਕਿਹਾ ਕਿ ਹਰੇਕ ਹਮਲੇ ਦਾ ਟਾਕਰਾ ਕਰਨ ਲਈ ਪੰਜਾਬੀ ਦੇਸ਼ ਵਾਸਤੇ ਲੜਣ ਲਈ ਹਮੇਸ਼ਾ ਖੜ੍ਹੇ ਹੋ ਜਾਣਗੇ ਭਾਵੇਂ ਉਹ ਸ਼ਾਂਤੀ ਚਾਹੁੰਦੇ ਹਨ |
Air strike
ਪਠਾਨਕੋਟ ਸਣੇ ਸਰਹੱਦੀ ਜ਼ਿਲ੍ਹਿਆਂ ਵਿਚ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਖਿੱਤੇ ਦੇ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਵਾਸਤੇ ਸਰਹੱਦੀ ਪੱਟੀ ਦੇ ਨਾਲ-ਨਾਲ ਉਦਯੋਗਿਕ ਵਿਕਾਸ ਦੀ ਵਕਾਲਤ ਕਰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਖ਼ਤ ਜਦੋ-ਜਹਿਦ ਕਰ ਰਹੀ ਹੈ ਅਤੇ ਇਸ ਨੇ ਕੇਵਲ ਦੋ ਸਾਲਾਂ ਵਿਚ 8.25 ਲੱਖ ਨੌਕਰੀਆਂ ਪਹਿਲਾਂ ਹੀ ਉਪਲਬੱਧ ਕਰਵਾਈਆਂ ਹਨ ਜਦਕਿ ਅਕਾਲੀ ਦਲ-ਭਾਜਪਾ ਸਰਕਾਰ ਆਪਣੇ 10 ਸਾਲ ਦੇ ਸਾਸ਼ਨ ਦੌਰਾਨ 4 ਲੱਖ ਨੌਕਰੀਆਂ ਵੀ ਪੈਦਾ ਕਰਨ ਵਿਚ ਅਸਫਲ ਰਹੀ ਸੀ |
Sunil Jakhar
ਨਸ਼ਿਆਂ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐਸ.ਆਈ ਭਾਰਤ ਅਤੇ ਪੰਜਾਬ ਵਿਚ ਨਸ਼ੇ ਭੇਜ ਰਹੀ ਹੈ ਤਾਂ ਜੋ ਉਹ ਇੱਥੋਂ ਦੇ ਨੌਜਵਾਨਾਂ ਨੂੰ ਤਬਾਹ ਕਰਕੇ ਆਪਣੇ ਹੱਥ ਮਜ਼ਬੂਤ ਕਰ ਸਕੇ | ਉਨ੍ਹਾਂ ਨੇ ਇੱਕ ਵਾਰੀ ਫਿਰ ਕਰਤਾਰਪੁਰ ਲਾਂਘੇ ਦੇ ਸਬੰਧ ਵਿਚ ਸਾਵਧਾਨੀ ਦੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੁਹਰਾਇਆ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਨਾਲ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਸ਼ਰਧਾਲੂਆਂ ਦੀ ਲੰਮੇ ਸਮੇਂ ਦੀ ਦੱਬੀ ਹੋਈ ਖਾਹਿਸ਼ ਪੂਰੀ ਹੋ ਜਾਵੇਗੀ|
ਗੁਰਦਾਸਪੁਰ ਹਲਕੇ ਵਿਚ ਖੰਡ ਮਿੱਲਾਂ ਦੀ ਸਮੱਸਿਆ ਦੇ ਜਲਦੀ ਹੱਲ ਦਾ ਯਕੀਨ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ2000 ਤੋਂ 10,000 ਟੀ.ਸੀ.ਡੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ| ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਕਿਸਾਨਾਂ ਦੇ ਗੰਨੇ ਦੇ ਬਕਾਏ ਦੇਣ ਲਈ 25 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਲਈ ਪਹਿਲਾਂ ਹੀ ਮੈਡੀਕਲ ਕਾਲਜ ਦਾ ਐਲਾਨ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਉਹ ਸਥਾਨਕ ਲੋਕਾਂ ਦੇ ਡੋਗਰੀ ਸਰਟੀਫਿਕੇਟ ਦੀ ਲੰਮੇ ਸਮੇਂ ਤੋਂ ਲੰਬਿਤ ਚਲੀ ਆ ਰਹੀ ਮੰਗ ਕੇਂਦਰ ਕੋਲ ਨਿੱਜੀ ਤੌਰ'ਤੇ ਉਠਾਉਣਗੇ|
Sunny Deol
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਤੋਂ ਸੁਨੀਲ ਜਾਖੜ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਦਾ ਪੰਜਾਬ ਵਿਚ ਕੁਝ ਵੀ ਨਹੀਂ ਹੈ ਅਤੇ ਉਹ ਚੋਣਾਂ ਤੋਂ ਬਾਅਦ ਤੁਰੰਤ ਫੁਰਰ ਹੋ ਜਾਵੇਗਾ| ਉਨ੍ਹਾਂ ਕਿਹਾ ਕਿ ਸੰਨੀ ਦਿਓਲ ਭਾਜਪਾ ਦੇ ਦਬਾਅ ਹੇਠ ਚੋਣ ਲੜ ਰਿਹਾ ਹੈ ਅਤੇ ਉਸ ਨੇ ਬੈਂਕਾਂ ਦੇ ਅਨੇਕਾਂ ਕਰੋੜ ਰੁਪਏ ਦੇਣੇ ਹਨ|
ਉਨ੍ਹਾਂ ਕਿਹਾ ਕਿ ਉਸ ਨੂੰ ਸਿਆਸਤ ਦਾ ਕੋਈ ਵੀ ਗਿਆਨ ਨਹੀਂ ਹੈ ਅਤੇ ਉਸ ਨੂੰ ਬਾਲਾਕੋਟ ਹਮਲੇ ਦੀ ਵੀ ਕੋਈ ਜਾਣਕਾਰੀ ਨਹੀਂ ਹੈ| ਇਸ ਤੋਂ ਪਹਿਲਾਂ ਜਾਖੜ ਨੇ ਸੰਨੀ ਦਿਓਲ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਸੰਨੀ ਦਿਓਲ ਗਾ ਅਤੇ ਨੱਚ ਸਕਦਾ ਹੈ ਅਤੇ ਧਰਤੀ 'ਚੋਂ ਨਲਕਾ ਪੁੱਟ ਸਕਦਾ ਹੈ ਪਰ ਉਸ ਨੂੰ ਗੁਰਦਾਸਪੁਰ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੁਝ ਵੀ ਨਹੀਂ ਪਤਾ|
Sunil Kumar Jakhar
ਜਾਖੜ ਨੇ ਕਿਹਾ ਕਿ ਜਿਵੇਂ ਮੈਨੂੰ ਨੱਚਣਾ-ਗਾਉਣਾ ਨਹੀਂ ਆਉਂਦਾ ਉਸੇ ਤਰ੍ਹਾਂ ਹੀ ਸੰਨੀ ਨੂੰ ਸਿਆਸਤ ਦਾ ਕੁਝ ਵੀ ਨਹੀਂ ਪਤਾ ਅਤੇ ਉਸ ਨੂੰ ਲੋਕਾਂ ਦੇ ਅਸਰਦਾਇਕ ਨੁਮਾਇੰਦੇ ਵਜੋਂ ਵੀ ਕੋਈ ਗਿਆਨ ਨਹੀਂ ਹੈ| ਜਾਖੜ ਨੇ ਕਿਹਾ ਕਿ ਮੈਂ ਤੁਹਾਡਾ ਮਨੋਰੰਜਨ ਨਹੀਂ ਕਰ ਸਕਦਾ ਪਰ ਮੈਂ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੀ ਮਦਦ ਕਰ ਸਕਦਾ ਹਾਂ। ਮੈਂ ਖੰਡ ਮਿੱਲਾਂ ਨੂੰ ਮੁੜ ਖੁਲ੍ਹਵਾ ਸਕਦਾ ਹਾਂ ਅਤੇ ਮੈਡੀਕਲ ਕਾਲਜ ਸਥਾਪਤ ਕਰਵਾ ਸਕਦਾ ਹਾਂ|
ਜਾਖੜ ਨੇ ਲੋਕਾਂ ਨੂੰ ਦੇਸ਼ ਦੇ ਭਵਿੱਖ ਵਾਸਤੇ ਵੋਟਾਂ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਆਪ ਲਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਜ਼ਿੰਮੇਵਾਰ ਹੋ | ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਜਾਂ ਉਹ ਪਕੌੜੇ ਵੇਚਣ |ਜਾਖੜ ਨੇ ਕਿਹਾ ਕਿ ਇਹ ਚੋਣਾਂ ਝੂਠ ਅਤੇ ਸਚਾਈ ਉੱਤੇ ਲੜੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੇ ਇਹ ਫੈਸਲਾ ਕਰਨਾ ਹੈ ਕਿ ਉਹ ਕੀ ਚਾਹੁੰਦੇ ਹਨ|