
ਭਾਰਤੀ ਵਫ਼ਦ ਨੇ ਅਪ੍ਰੈਲ ਵਿਚ ਪਾਕਿਸਤਾਨ ਜਾਣਾ ਸੀ ਪਰ ਆਖ਼ਰੀ ਸਮੇਂ ਵਿਚ ਭਾਰਤ ਨੇ ਨਾ ਜਾਣ ਦਾ ਫ਼ੈਸਲਾ ਕੀਤਾ
ਇਸਲਾਮਾਬਾਦ : ਭਾਰਤ ਵਿਚ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣਨ ਦੇ ਨਾਲ ਹੀ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਬਹਾਲ ਕਰਨ ਦੇ ਪੱਖ ਵਿਚ ਹੈ। ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਨਰੋਵਾਲ ਸਥਿਤ ਗੁਰਦਵਾਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਗੁਰਦਵਾਰੇ ਨਾਲ ਜੋੜੇਗਾ। ਲਾਂਘਾ ਬਣਨ ਤੋਂ ਬਾਅਦ ਭਾਰਤ ਦੇ ਸਿੱਖਾਂ ਨੂੰ ਬਿਨਾਂ ਵੀਜ਼ਾ ਪਾਕਿਸਤਾਨ ਸਥਿਤ ਗੁਰਦਵਾਰਿਆਂ ਤਕ ਜਾਣ ਦੀ ਇਜਾਜ਼ਤ ਹੋਵੇਗੀ।
Kartarpur Corridor
ਐਕਸਪ੍ਰੈਸ ਟ੍ਰਿਬਿਊਨ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਛਾਪੀ ਖ਼ਬਰ ਵਿਚ ਲਿਖਿਆ ਹੈ ਕਿ ਭਾਰਤ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ 'ਤੇ ਗੱਲਬਾਤ ਮੁੜ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਸੱਤ ਗੇੜਾਂ ਤਹਿਤ ਹੋਣ ਵਾਲੀਆਂ ਲੋਕ ਸਭਾ ਚੋਣਾਂ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਹਨ। ਇਨ੍ਹਾਂ ਚੋਣਾਂ ਦਾ ਆਖ਼ਰੀ ਗੇੜ 19 ਮਈ ਨੂੰ ਹੈ ਅਤੇ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋ ਜਾਵੇਗਾ।
Kartarpur Sahib
ਪਾਕਿਸਤਾਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਦੇ ਦੇਸ਼ ਵਲੋਂ ਲਾਂਘੇ ਨੂੰ ਲੈ ਕੇ ਕੋਈ ਦੇਰੀ ਨਹੀਂ ਕੀਤੀ ਜਾ ਰਹੀ ਹੈ ਪਰ ਮੌਜੂਦਾ ਸਮੇਂ ਵਿਚ ਭਾਰਤ ਇਸ ਮਾਮਲੇ 'ਤੇ ਅੱਗੇ ਨਹੀਂ ਵਧਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਭਰੋਸਾ ਹੈ ਕਿ ਚੋਣਾਂ ਤੋਂ ਬਾਅਦ ਭਾਰਤ ਮੁੜ ਤੋਂ ਗੱਲਬਾਤ ਸ਼ੁਰੂ ਕਰੇਗਾ। ਦੋਹਾਂ ਦੇਸ਼ਾਂ ਵਿਚਾਲੇ ਇਸ ਮੁੱਦੇ 'ਤੇ 16 ਅਪ੍ਰੈਲ ਨੂੰ ਗੱਲਬਾਤ ਹੋਈ ਸੀ।
Kartarpur Corridor
ਭਾਰਤੀ ਵਫ਼ਦ ਨੇ ਅਪ੍ਰੈਲ ਵਿਚ ਪਾਕਿਸਤਾਨ ਜਾਣਾ ਸੀ ਪਰ ਆਖ਼ਰੀ ਸਮੇਂ ਵਿਚ ਭਾਰਤ ਨੇ ਨਾ ਜਾਣ ਦਾ ਫ਼ੈਸਲਾ ਕੀਤਾ। ਇਸ ਦਾ ਕਾਰਨ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਵਲੋਂ ਬਣਾਈ ਗਈ ਸਹਿਮਤੀ ਨੂੰ ਲੈ ਕੇ ਪੈਦਾ ਹੋਈ ਚਿੰਤਾ ਸੀ। ਇਸ ਲਾਂਘੇ 'ਤੇ ਪਾਕਿਸਤਾਨ ਵਲੋਂ ਬਣਾਈ ਗਈ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਕਈ ਖ਼ਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ ਨੂੰ ਲੈ ਕੇ ਭਾਰਤ ਨੇ ਚਿੰਤਾ ਪ੍ਰਗਟਾਈ ਸੀ।