
ਬੈਂਕ ਖ਼ਾਤੇ 9.36 ਲੱਖ, ਹੱਥ 'ਚ 26 ਲੱਖ ਜਦਕਿ ਇਸ ਦੇ ਉਲਟ ਹੋਣਾ ਚਾਹੀਦਾ ਹੈ
ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਲੈ ਕੇ ਇਕ ਨਵਾਂ ਖ਼ੁਲਾਸਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਲੈ ਕੇ ਸੰਨੀ ਦਿਓਲ 'ਤੇ ਕਾਫ਼ੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਨਾਮਜ਼ਦਗੀ ਦਾਖ਼ਲ ਕਰਨ ਸਮੇਂ ਅਪਣੇ ਹਲਫ਼ਨਾਮੇ ਵਿਚ ਸੰਨੀ ਦਿਓਲ ਨੇ ਦੱਸਿਆ ਸੀ ਕਿ ਉਸ ਕੋਲ ਕੁੱਲ 81 ਕਰੋੜ ਰੁਪਏ ਦੀ ਜਾਇਦਾਦ ਹੈ। ਜਿਸ ਵਿਚੋਂ 60 ਕਰੋੜ ਦੀ ਚੱਲ ਸੰਪਤੀ ਅਤੇ 21 ਕਰੋੜ ਰੁਪਏ ਦੀ ਅਚਲ ਸੰਪਤੀ ਹੈ।
Money
ਪਰ 21 ਕਰੋੜ ਦੀ ਅਚਲ ਸੰਪਤੀ 'ਤੇ ਸੰਨੀ ਦਿਓਲ ਨੇ 41 ਕਰੋੜ ਦਾ ਕਰਜ਼ਾ ਲਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਐ ਕਿ ਅਜਿਹਾ ਕਿਹੜਾ ਬੈਂਕ ਹੈ ਜਿਸ ਨੇ ਸੰਨੀ ਦਿਓਲ ਨੂੰ ਸੰਪਤੀ ਮੁੱਲ ਤੋਂ 200 ਫ਼ੀਸਦੀ ਜ਼ਿਆਦਾ ਦਾ ਕਰਜ਼ਾ ਦੇ ਦਿੱਤਾ? ਇਸ ਤੋਂ ਇਲਾਵਾ ਸੰਨੀ ਦਿਓਲ 'ਤੇ 9 ਕਰੋੜ ਰੁਪਏ ਦਾ ਹੋਰ ਕਰਜ਼ਾ ਹੈ ਭਾਵ ਕਿ ਕੁੱਲ ਮਿਲਾ ਕੇ ਸੰਨੀ ਦਿਓਲ 'ਤੇ 49 ਕਰੋੜ ਦਾ ਕਰਜ਼ ਹੈ। ਜੀਐਸਟੀ ਦੇ ਵੀ 1.07 ਕਰੋੜ ਰੁਪਏ ਸੰਨੀ ਵੱਲ ਬਕਾਇਆ ਹੈ।
Sunny Deol
ਇਕ ਹੋਰ ਹੈਰਾਨੀ ਦੀ ਗੱਲ ਇਹ ਐ ਕਿ ਸੰਨੀ ਦਿਓਲ ਦੇ ਬੈਂਕ ਖ਼ਾਤੇ ਵਿਚ 9.36 ਲੱਖ ਰੁਪਏ ਹਨ ਜਦਕਿ ਕੈਸ਼ ਇਨ ਹੈਂਡ 26 ਲੱਖ ਰੁਪਏ ਹਨ ਜਦਕਿ ਇਸ ਤੋਂ ਉਲਟ ਹੋਣਾ ਚਾਹੀਦਾ ਸੀ। ਦੋ ਸਾਲ ਪਹਿਲਾਂ ਸਰਵਿਸ ਟੈਕਸ ਖ਼ਤਮ ਕਰ ਦਿੱਤਾ ਗਿਆ ਪਰ ਆਦਤਨ ਡਿਫਾਲਟਰ ਸੰਨੀ ਦਿਓਲ 'ਤੇ ਦੋ ਸਾਲ ਪੁਰਾਣਾ 1.38 ਕਰੋੜ ਰੁਪਏ ਦਾ ਸਰਵਿਸ ਟੈਕਸ ਬਕਾਇਆ ਏ। ਇਸ ਤੋਂ ਇਲਾਵਾ ਸੰਨੀ ਦਿਓਲ ਨੇ 1.07 ਕਰੋੜ ਰੁਪਏ ਦਾ ਜੀਐਸਟੀ ਵੀ ਦੇਣਾ ਹੈ।
Sunny Deol
ਐਮਸੀਏ ਸਾਈਟ ਦੇ ਅਨੁਸਾਰ ਸੰਨੀ ਦਿਓਲ ਨੇ 'ਸੰਨੀ ਸਾਊਂਡਸ' ਦੇ 86 ਫ਼ੀਸਦੀ ਸ਼ੇਅਰ ਖ਼ਰੀਦੇ ਹੋਏ ਹਨ ਜਦਕਿ ਬੈਲੇਂਸ ਸ਼ੀਟ ਅਨੁਸਾਰ ਸੰਨੀ ਸਾਊਂਡ 'ਤੇ 50.90 ਕਰੋੜ ਰੁਪਏ ਦਾ ਕਰਜ਼ਾ ਵੀ ਹੈ ਅਤੇ 3.60 ਕਰੋੜ ਰੁਪਏ ਸਰਕਾਰੀ ਬਕਾਇਆ ਵੀ ਸੰਨੀ ਸਾਊਂਡ ਵੱਲ ਖੜ੍ਹਾ ਹੈ। ਸੰਨੀ ਦਿਓਲ ਦੀ ਸੰਪਤੀ ਦਾ ਇਹ ਡਾਟਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਤੇ ਲੋਕਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।
ਜਿੱਥੇ ਕੁੱਝ ਲੋਕ ਇਹ ਸਵਾਲ ਕਰ ਰਹੇ ਨੇ ਕੀ ਸੰਨੀ ਦਿਓਲ ਨੇ ਫਿਲਮਾਂ ਵਿਚੋਂ ਆਹ ਕੁੱਝ ਹੀ ਕਮਾਇਆ ਹੈ। ਜਦਕਿ ਕੁੱਝ ਲੋਕਾਂ ਦਾ ਕਹਿਣੈ ਕਿ ਸੰਨੀ ਦਿਓਲ ਰਾਜਨੀਤੀ ਵਿਚ ਸੇਵਾ ਕਰਨ ਲਈ ਨਹੀਂ ਬਲਕਿ ਅਪਣਾ ਕਰਜ਼ਾ ਉਤਾਰਨ ਲਈ ਆਇਆ ਹੈ। ਫਿਲਹਾਲ ਸੋਸ਼ਲ ਮੀਡੀਆ ਯੂਜਰ ਤਾਂ ਬਹੁਤ ਕੁੱਝ ਬੋਲਦੇ ਰਹਿੰਦੇ ਹਨ ਪਰ ਸੱਚਾਈ ਕੀ ਐ ਇਹ ਤਾਂ ਸੰਨੀ ਦਿਓਲ ਬਿਹਤਰ ਜਾਣਦੇ ਹਨ।