
UNICEF ਨੇ ਸੁਚੇਤ ਕੀਤਾ ਹੈ ਕਿ ਆਉਣ ਵਾਲੇ ਛੇ ਮਹੀਨਿਆਂ ਵਿਚ ਰੋਜ਼ਾਨਾ ਕਰੀਬ 6,000 ਬੱਚਿਆਂ ਦੀ ਮੌਤ ਹੋ ਸਕਦੀ ਹੈ, ਜਿਸ ਨੂੰ ਰੋਕਿਆ ਜਾ ਸਕਦਾ ਹੈ।
ਨਵੀਂ ਦਿੱਲੀ: ਯੂਨਾਇਟਡ ਨੇਸ਼ਨਜ਼ ਚਿਲਡਰਨ ਫੰਡ (UNICEF) ਨੇ ਸੁਚੇਤ ਕੀਤਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਸਿਹਤ ਸਿਸਟਮ ਕਮਜ਼ੋਰ ਹੋ ਜਾਣ ਅਤੇ ਨਿਯਮਤ ਸੇਵਾਵਾਂ ਵਿਚ ਰੁਕਾਵਟ ਪੈਦਾ ਹੋਣ ਕਾਰਨ ਆਉਣ ਵਾਲੇ ਛੇ ਮਹੀਨਿਆਂ ਵਿਚ ਰੋਜ਼ਾਨਾ ਕਰੀਬ 6,000 ਬੱਚਿਆਂ ਦੀ ਮੌਤ ਹੋ ਸਕਦੀ ਹੈ, ਜਿਸ ਨੂੰ ਰੋਕਿਆ ਜਾ ਸਕਦਾ ਹੈ।
Photo
ਯੂਨੀਸੈੱਫ ਨੇ ਕਿਹਾ ਹੈ ਕਿ ਪੰਜਵਾਂ ਜਨਮ ਦਿਨ ਮਨਾਉਣ ਤੋਂ ਪਹਿਲਾਂ ਵਿਸ਼ਵ ਭਰ ਵਿਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਦਹਾਕਿਆਂ ਵਿਚ ਪਹਿਲੀ ਵਾਰ ਵਧਣ ਦਾ ਅਨੁਮਾਨ ਹੈ। ਯੂਨੀਸੈੱਫ ਨੇ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਪ੍ਰਭਾਵਿਤ ਬੱਚਿਆਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ 1.6 ਅਰਬ ਡਾਲਰ ਦੀ ਸਹਾਇਤਾ ਦੀ ਮੰਗ ਕੀਤੀ ਹੈ।
Photo
ਯੂਨੀਸੈੱਫ ਨੇ ਕਿਹਾ ਕਿ ਇਹ ਸਿਹਤ ਸਮੱਸਿਆ 'ਤੇਜ਼ੀ ਨਾਲ ਬਾਲ ਅਧਿਕਾਰ ਸੰਕਟ ਬਣਦੀ ਜਾ ਰਹੀ ਹੈ ਅਤੇ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪੰਜ ਸਾਲ ਤੋਂ ਘੱਟ ਉਮਰ ਦੇ 6,000 ਬੱਚਿਆਂ ਦੀ ਰੋਜ਼ਾਨਾ ਮੌਤ ਹੋ ਸਕਦੀ ਹੈ'। ਯੂਨੀਸੈਫ ਦੇ ਕਾਰਜਕਾਰੀ ਡਾਇਰੈਕਟਰ ਹੈਨਰੀਟਾ ਫੋਰੇ ਨੇ ਮੰਗਲਵਾਰ ਨੂੰ ਕਿਹਾ, “ਸਕੂਲ ਬੰਦ ਹਨ, ਮਾਪਿਆਂ ਕੋਲ ਕੋਈ ਕੰਮ ਨਹੀਂ ਹੈ ਅਤੇ ਪਰਿਵਾਰ ਚਿੰਤਤ ਹਨ"।
Photo
ਉਹਨਾਂ ਕਿਹਾ, "ਜਦੋਂ ਅਸੀਂ ਕੋਵਿਡ -19 ਤੋਂ ਬਾਅਦ ਦੁਨੀਆ ਦੀ ਕਲਪਨਾ ਕਰ ਰਹੇ ਹਾਂ, ਇਹ ਫੰਡ ਸੰਕਟ ਨਾਲ ਨਜਿੱਠਣ ਅਤੇ ਬੱਚਿਆਂ ਨੂੰ ਇਸ ਦੇ ਪ੍ਰਭਾਵਾਂ ਤੋਂ ਬਚਾਉਣ ਵਿਚ ਸਾਡੀ ਸਹਾਇਤਾ ਕਰਨਗੇ"। ਉਹਨਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਪੰਜਵੇਂ ਜਨਮਦਿਨ ਤੋਂ ਪਹਿਲਾਂ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਦਹਾਕਿਆਂ ਵਿਚ ਪਹਿਲੀ ਵਾਰ ਵਧ ਸਕਦੀ ਹੈ। ਇਸ ਤੋਂ ਇਲਾਵਾ ਛੇ ਮਹੀਨਿਆਂ ਵਿਚ ਕਰੀਬ 56,700 ਹੋਰ ਮਾਵਾਂ ਦੀ ਮੌਤ ਹੋ ਸਕਦੀ ਹੈ।