
ਬੈਂਚ ਨੇ ਕਿਹਾ ਕਿ ਹਲਫਨਾਮਾ ਤਿੰਨ ਹਫ਼ਤਿਆਂ ਦੇ ਅੰਦਰ ਦਾਇਰ ਕੀਤਾ ਜਾਵੇ।
Misleading ads case: ਸੁਪਰੀਮ ਕੋਰਟ ਨੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਮਾਮਲੇ 'ਚ ਯੋਗ ਗੁਰੂ ਰਾਮਦੇਵ, ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਜਾਰੀ ਮਾਣਹਾਨੀ ਨੋਟਿਸ 'ਤੇ ਮੰਗਲਵਾਰ ਨੂੰ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁੱਦੀਨ ਅਮਾਨੁੱਲਾ ਦੀ ਬੈਂਚ ਨੇ ਕਿਹਾ ਕਿ ਪਤੰਜਲੀ ਵਲੋਂ ਪੇਸ਼ ਹੋਏ ਵਕੀਲ ਨੇ ਹਲਫਨਾਮਾ ਦਾਇਰ ਕਰਨ ਲਈ ਸਮਾਂ ਮੰਗਿਆ ਹੈ ਜਿਸ ਵਿਚ ਕੰਪਨੀ ਦੇ ਤਿੰਨ ਉਤਪਾਦਾਂ ਦੇ ਇਸ਼ਤਿਹਾਰ ਵਾਪਸ ਲੈਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਦਿਤਾ ਗਿਆ ਹੈ। ਇਨ੍ਹਾਂ ਤਿੰਨਾਂ ਉਤਪਾਦਾਂ ਦਾ ਲਾਇਸੈਂਸ ਮੁਅੱਤਲ ਕਰ ਦਿਤਾ ਗਿਆ ਹੈ।
ਬੈਂਚ ਨੇ ਕਿਹਾ ਕਿ ਹਲਫਨਾਮਾ ਤਿੰਨ ਹਫ਼ਤਿਆਂ ਦੇ ਅੰਦਰ ਦਾਇਰ ਕੀਤਾ ਜਾਵੇ। ਬੈਂਚ ਨੇ ਕਿਹਾ, “ਉੱਤਰਦਾਤਾ ਨੰਬਰ 5 ਤੋਂ 7 (ਪਤੰਜਲੀ ਆਯੁਰਵੇਦ ਲਿਮਟਿਡ, ਬਾਲਕ੍ਰਿਸ਼ਨ ਅਤੇ ਰਾਮਦੇਵ) ਨੂੰ ਜਾਰੀ ਮਾਣਹਾਨੀ ਨੋਟਿਸ 'ਤੇ ਆਦੇਸ਼ ਰਾਖਵੇਂ ਰੱਖੇ ਗਏ ਹਨ। ’’
ਸੁਣਵਾਈ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਪ੍ਰਧਾਨ ਆਰ ਵੀ ਅਸ਼ੋਕਨ ਨੇ ਬੈਂਚ ਤੋਂ ਸੁਪਰੀਮ ਕੋਰਟ ਵਿਰੁਧ ਦਿਤੇ ਅਪਣੇ ਬਿਆਨਾਂ ਲਈ ਬਿਨਾਂ ਸ਼ਰਤ ਮੁਆਫੀ ਮੰਗੀ। ਇਸ ਇੰਟਰਵਿਊ 'ਚ ਅਸ਼ੋਕਨ ਨੇ ਪਤੰਜਲੀ ਆਯੁਰਵੇਦ ਨਾਲ ਜੁੜੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਬਾਰੇ ਸਵਾਲਾਂ ਦੇ ਜਵਾਬ ਦਿਤੇ।
ਜਸਟਿਸ ਕੋਹਲੀ ਨੇ ਅਸ਼ੋਕਨ ਨੂੰ ਕਿਹਾ, "ਤੁਸੀਂ ਸੋਫੇ 'ਤੇ ਆਰਾਮ ਨਾਲ ਬੈਠ ਕੇ ਪ੍ਰੈਸ ਨੂੰ ਇੰਟਰਵਿਊ ਨਹੀਂ ਦੇ ਸਕਦੇ ਅਤੇ ਅਦਾਲਤ 'ਤੇ ਇਲਜ਼ਾਮ ਨਹੀਂ ਲਗਾ ਸਕਦੇ। ’’ ਬੈਂਚ ਨੇ ਆਈਐਮਏ ਦੇ ਵਕੀਲ ਨੂੰ ਕਿਹਾ ਕਿ ਅਦਾਲਤ ਸੰਗਠਨ ਦੇ ਪ੍ਰਧਾਨ ਵਲੋਂ ਦਿਤੀ ਗਈ ਮੁਆਫੀ ਨੂੰ ਸਵੀਕਾਰ ਕਰਨ ਦੀ ਇੱਛਾ ਨਹੀਂ ਰੱਖਦੀ।
ਸੁਪਰੀਮ ਕੋਰਟ ਨੇ 7 ਮਈ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਅਸ਼ੋਕਨ ਦੇ ਬਿਆਨਾਂ ਨੂੰ 'ਬੇਹੱਦ ਅਸਵੀਕਾਰਯੋਗ' ਕਰਾਰ ਦਿਤਾ ਸੀ। ਉੱਤਰਾਖੰਡ ਰਾਜ ਲਾਇਸੈਂਸਿੰਗ ਅਥਾਰਟੀ (ਐਸਐਲਏ) ਨੇ ਪਹਿਲਾਂ ਸੁਪਰੀਮ ਕੋਰਟ ਨੂੰ ਦਸਿਆ ਸੀ ਕਿ ਪਤੰਜਲੀ ਆਯੁਰਵੇਦ ਲਿਮਟਿਡ ਅਤੇ ਦਿਵਿਆ ਫਾਰਮੇਸੀ ਦੇ 14 ਉਤਪਾਦਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤੇ ਗਏ ਹਨ।
(For more Punjabi news apart from Misleading ads case: SC reserves judgment in contempt notice against Ramdev, Balkrishna, stay tuned to Rozana Spokesman)