
ਦਿੱਲੀ ਹਾਈ ਕੋਰਟ ਨੇ ਮੁੱਖ ਸਕੱਤਰ ਅਤੇ ਦੋ ਹੋਰ ਨੌਕਰਸ਼ਾਹਾਂ ਨੂੰ ਨਿਰਦੇਸ਼ ਦਿਤਾ ਕਿ ਉਹ ਦਿੱਲੀ ਵਿਧਾਨ ਸਭਾ ਦੀਆਂ ਉਨ੍ਹਾਂ ਕਮੇਟੀਆਂ ਅੱਗੇ ਪੇਸ਼ ਹੋਣ...........
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੁੱਖ ਸਕੱਤਰ ਅਤੇ ਦੋ ਹੋਰ ਨੌਕਰਸ਼ਾਹਾਂ ਨੂੰ ਨਿਰਦੇਸ਼ ਦਿਤਾ ਕਿ ਉਹ ਦਿੱਲੀ ਵਿਧਾਨ ਸਭਾ ਦੀਆਂ ਉਨ੍ਹਾਂ ਕਮੇਟੀਆਂ ਅੱਗੇ ਪੇਸ਼ ਹੋਣ ਜਿਨ੍ਹਾਂ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਅਦਾਲਤ ਨੇ ਨੌਕਰਸ਼ਾਹਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਵਿਰੁਧ ਮਾਣਹਾਨੀ ਦੀ ਕਾਰਵਾਈ ਹੋਵੇਗੀ। ਜੱਜ ਵਿਭੂ ਬਾਖਰੂ ਨੇ ਮੁੱਖ ਸਕੱਤਰ ਅਤੇ ਹੋ ਹੋਰ ਆਈਪੀਐਸ ਅਧਿਕਾਰੀਆਂ ਨੂੰ ਕਿਹਾ ਕਿ ਜੇ ਉਹ ਕਮੇਟੀਆਂ ਅੱਗੇ ਪੇਸ਼ ਨਾ ਹੋਏ ਤਾਂ ਉਨ੍ਹਾਂ ਵਿਰੁਧ ਅਦਾਲਤੀ ਮਾਣਹਾਨੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਕਮੇਟੀਆਂ ਅੱਗੇ ਪੇਸ਼ ਹੋਣਾ ਪਵੇਗਾ।
ਦੋ ਕਮੇਟੀਆਂ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਸੀ ਕਿ ਤਿੰਨੇ ਅਧਿਕਾਰੀ ਨਾ ਤਾਂ ਕਮੇਟੀਆਂ ਅੱਗੇ ਪੇਸ਼ ਹੋ ਰਹੇ ਹਨ ਅਤੇ ਨਾ ਹੀ ਮੰਗੀ ਗਈ ਸੂਚਨਾ ਦਾ ਕੋਈ ਜਵਾਬ ਦੇ ਰਹੇ ਹਨ। ਵਕੀਲ ਨੇ ਦੋਸ਼ ਲਾਇਆ ਕਿ ਉਹ ਅਦਾਲਤ ਦੇ ਪਹਿਲੇ ਹੁਕਮ ਦਾ ਲਾਭ ਚੁੱਕ ਰਹੇ ਹਨ ਜਿਸ ਵਿਚ ਉਨ੍ਹਾਂ ਵਿਰੁਧ ਕਾਰਵਾਈ ਰੋਕੀ ਗਈ ਸੀ। ਅਦਾਲਤ ਨੇ ਕਿਹਾ, 'ਇਹ ਸਪੱਸ਼ਟੀਕਰਨ ਦਿਤਾ ਜਾਂਦਾ ਹੈ ਕਿ ਨੌਕਰਸ਼ਾਹ ਕਮੇਟੀਆਂ ਦੀ ਕਾਰਵਾਈ ਵਿਚ ਸ਼ਾਮਲ ਹੋਣਗੇ। ਇਹ ਅਦਾਲਤ ਦਾ ਹੁਕਮ ਹੈ ਕਿ ਤੁਹਾਨੂੰ ਪੇਸ਼ ਹੋਣਾ ਪਵੇਗਾ। (ਏਜੰਸੀ)