
ਹਵਾ ਪ੍ਰਦੂਸ਼ਣ ਕੰਟਰੋਲ ਦੀਆਂ ਕੋਸ਼ਿਸ਼ਾਂ ਰੰਗ ਲਿਆਉਣ ਲਗੀਆਂ
ਨਵੀਂ ਦਿੱਲੀ : ਪਲੀਤ ਹੋਈ ਹਵਾ ਦੇ ਮਾਮਲੇ ਵਿਚ ਖ਼ਤਰਨਾਕ ਪੱਧਰ ਤਕ ਪਹੁੰਚੇ ਦੇਸ਼ ਦੇ 102 ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਕੰਟਰੋਲ ਦੀ ਕਾਰਜਯੋਜਨਾ ਦਾ ਸ਼ੁਰੂਆਤੀ ਅਸਰ ਵਿਖਾਈ ਦੇਣ ਲੱਗਾ ਹੈ। ਇਸ ਸਾਲ ਜਨਵਰੀ ਵਿਚ ਸ਼ੁਰੂ ਕੀਤੇ ਗਏ ਕੌਮੀ ਸਵੱਛ ਹਵਾ ਪ੍ਰੋਗਰਾਮ ਤਹਿਤ 10 ਲੱਖ ਤੋਂ ਵੱਧ ਆਬਾਦੀ ਵਾਲੇ 50 ਸ਼ਹਿਰਾਂ ਵਿਚ ਹਵਾ ਨੂੰ ਦੂਸ਼ਿਤ ਬਣਾਉਣ ਵਾਲੇ ਤੱਤਾਂ (ਪੀਐਮ 10 ਅਤੇ ਪੀਐਮ 2.5), ਸਲਫ਼ਰ ਡਾਈ ਆਕਸਾਈਡ ਅਤੇ ਨਾਈਟਰੋਜਨ ਡਾਈ ਆਕਸਾਈਡ ਦੇ ਪੱਧਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
Polluted Air
ਵਾਤਾਰਵਣ, ਵਣ ਅਤੇ ਜਲਵਾਯੂ ਤਬਦਲੀ ਮੰਤਰਾਲੇ ਨੇ ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਹਵਾ ਵਿਚ ਘੁਲੇ ਦੂਸ਼ਿਤ ਤੱਤਾਂ ਦੇ ਅਸਥਿਰ ਕਰਨ ਵਾਲੇ 28 ਮਹਾਨਗਰਾਂ ਨੂੰ ਤਰਜੀਹ ਦਿਤੀ ਹੈ ਤਾਕਿ ਇਨ੍ਹਾਂ ਸ਼ਹਿਰਾਂ ਵਾਂਗ ਸਾਰੇ 102 ਸ਼ਹਿਰਾਂ ਦੀ ਹਵਾ ਨੂੰ 2024 ਤਕ ਹਵਾ ਪ੍ਰਦੂਸ਼ਣ ਕੰਟਰੋਲ ਦੇ ਮਾਪਦੰਡਾਂ ਮੁਤਾਬਕ ਲਿਆਂਦਾ ਜਾ ਸਕੇ।
Air pollution
ਮੰਤਰਾਲੇ ਦੁਆਰਾ ਰਾਜ ਸਭਾ ਵਿਚ ਪੇਸ਼ ਅੰਕੜਿਆਂ ਮੁਤਾਬਕ ਸਾਰੇ 50 ਸ਼ਹਿਰਾਂ ਵਿਚ ਐਸ ਓ 2 ਦਾ ਪੱਧਰ ਹਵਾ ਦੀ ਗੁਣਵੱਤਾ ਦੇ ਕੌਮੀ ਮਾਪਦੰਡਾਂ ਅੰਦਰ ਵੇਖਿਆ ਗਿਆ ਜਦਕਿ ਸਲਫ਼ਰ ਡਾਈਆਕਸਾਈਡ ਦਾ ਪੱਧਰ 16 ਸ਼ਹਿਰਾਂ ਵਿਚ ਘਟਿਆ ਹੈ, 17 ਸ਼ਹਿਰਾਂ ਵਿਚ ਵਧਿਆ ਹੈ, 16 ਸ਼ਹਿਰਾਂ ਵਿਚ ਅਸਥਿਰ ਅਤੇ ਇਕ ਸ਼ਹਿਰ ਵਿਚ ਇਹ ਸਥਿਰ ਹੈ। ਇਸੇ ਤਰ੍ਹਾਂ ਪੀਐਮ 10 ਦਾ ਪੱਧਰ 14 ਸ਼ਹਿਰਾਂ ਵਿਚ ਘਟਿਆ, 14 ਸ਼ਹਿਰਾਂ ਵਿਚ ਵਧਿਆ ਅਤੇ 22 ਸ਼ਹਿਰਾਂ ਵਿਚ ਇਹ ਘਟਦਾ-ਵਧਦਾ ਰਿਹਾ।
Air Pollution
ਮੰਤਰਾਲੇ ਨੂੰ ਪੀਐਮ 2.5 ਦੇ ਜਿਨ੍ਹਾਂ 17 ਸ਼ਹਿਰਾਂ ਦੇ ਅੰਕੜੇ ਮਿਲੇ, ਉਨ੍ਹਾਂ ਵਿਚੋਂ ਅੱਠ ਸ਼ਹਿਰਾਂ ਵਿਚ ਇਸ ਦਾ ਪੱਧਰ ਵਧਿਆ ਹੈ ਜਦਕਿ ਚਾਰ ਸ਼ਹਿਰਾਂ ਵਿਚ ਇਹ ਘਟਿਆ ਅਤੇ ਪੰਜ ਸ਼ਹਿਰਾਂ ਵਿਚ ਇਹ ਵਧਦਾ-ਘਟਦਾ ਰਿਹਾ। ਜ਼ਿਕਰਯੋਗ ਹੈ ਕਿ ਉਕਤ ਪ੍ਰੋਗਰਾਮ ਤਹਿਤ 102 ਸ਼ਹਿਰਾਂ ਦੀਆਂ 107 ਥਾਵਾਂ ਤੋਂ ਹਵਾ ਵਿਚ ਦੂਸ਼ਿਤ ਤੱਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
Air pollution
ਵਾਤਾਰਵਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਸਿਆ ਕਿ ਹਵਾ ਪ੍ਰਦੂਸ਼ਣ ਤੋਂ ਸੱਭ ਤੋਂ ਵੱਧ ਪ੍ਰਭਾਵਤ 15 ਰਾਜਾਂ ਦੇ 28 ਮਹਾਨਗਰਾਂ ਵਿਚ ਪੰਜ ਸ਼ਹਿਰ ਯੂਪੀ ਦੇ ਕਾਨਪੁਰ, ਲਖਨਊ, ਆਗਰਾ, ਵਾਰਾਣਸੀ ਅਤੇ ਇਲਾਹਾਬਾਦ ਹਨ। ਮਹਾਰਾਸ਼ਟਰ ਦੇ ਮੁੰਬਈ, ਨਵੀਂ ਮੁੰਬਈ, ਨਾਗਪੁਰ ਅਤੇ ਪੁਣੇ ਇਸ ਵਿਚ ਸ਼ਾਮਲ ਹਨ। ਜ਼ਿਆਦਾ ਸਨਅਤੀ ਗਤੀਵਿਧੀਆਂ ਵਾਲੇ ਮਹਾਨਗਰਾਂ ਵਿਚ ਸੂਰਤ, ਗਵਾਲੀਅਰ, ਬੰਗਲੌਰ, ਲੁਧਿਆਣਾ, ਪਟਿਆਲਾ, ਕੋਲਕਾਤਾ, ਭਿਲਾਈ ਅਤੇ ਧਨਬਾਦ ਸਮੇਤ ਹੋਰ ਸ਼ਹਿਰ ਸ਼ਾਮਲ ਹਨ।