
ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਹੋ ਰਹੀ ਬਾਰਸ਼ ਨੇ ਭਾਰੀ ਤਬਾਹੀ ਮਚਾ ਦਿਤੀ ਹੈ। ਕਿਨੌਰ ਜ਼ਿਲ੍ਹੇ ’ਚ 3 ਤੋਂ ਜ਼ਿਆਦਾ ਸਥਾਨਾਂ ’ਤੇ
ਸ਼ਿਮਲਾ, 13 ਅਗੱਸਤ : ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਹੋ ਰਹੀ ਬਾਰਸ਼ ਨੇ ਭਾਰੀ ਤਬਾਹੀ ਮਚਾ ਦਿਤੀ ਹੈ। ਕਿਨੌਰ ਜ਼ਿਲ੍ਹੇ ’ਚ 3 ਤੋਂ ਜ਼ਿਆਦਾ ਸਥਾਨਾਂ ’ਤੇ ਬੱਦਲ ਫਟਣ ਅਤੇ ਹੜ੍ਹ ਆਉਣ ਨਾਲ 4 ਪਣਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਬੰਦ ਕਰ ਦਿਤਾ ਗਿਆ ਹੈ। ਕਿਨੌਰ ਜ਼ਿਲ੍ਹੇ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਸੰਖਿਆ-ਪੰਜ 2 ਸਥਾਨਾਂ ’ਤੇ ਬੰਦ ਹੋ ਗਿਆ ਹੈ। ਤੰਗਲਿੰਗ ਪੁਲ ਵੀ ਰੁੜ੍ਹ ਗਿਆ ਹੈ, ਜਿਸ ਨਾਲ ਸਕੀਬਾ ਤੇ ਨੇੜੇ ਦੀਆਂ ਲਗਭਗ 24 ਪੰਚਾਇਤਾਂ ਦਾ ਸੰਪਰਕ ਜ਼ਿਲ੍ਹਾ ਹੈੱਡਕੁਆਰਟਰ ਤੋਂ ਟੁੱਟ ਗਿਆ ਹੈ।
ਬਾਰਸ਼ ਅਤੇ ਬੱਦਲ ਫਟਣ ਨਾਲ ਸੇਬ ਦੇ ਬਗ਼ੀਚਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਾਂਨਮ ਨਾਮ ਦੇ ਸਥਾਨ ’ਤੇ ਹੜ੍ਹ ਦੀ ਲਪੇਟ ’ਚ ਆਉਣ ਕਾਰਨ ਇਕ ਵਾਹਨ ਵੀ ਰੁੜ੍ਹ ਗਿਆ। ਜ਼ਿਲ੍ਹੇ ਦੇ ਉੱਪਰੀ ਖੇਤਰਾਂ ਕਾਂਨਮ, ਮੁਰੰਗ ਨਾਲਾ, ਤੰਗਲਿੰਗ ਅਤੇ ਸਾਂਗਲਾ ਘਾਟੀ ਦੇ ਟੋਂਗਚੋਂਗਚੇ ਨਾਲਾ ’ਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਨਾਲ ਪਣਬਿਜਲੀ ਪ੍ਰਾਜੈਕਟਾਂ ਨੂੰ ਬੰਦ ਕਰਨਾ ਪਿਆ ਹੈ।
File Photo
ਸਤਲੁਜ ਨਦੀ ’ਚ ਜ਼ਿਆਦਾ ਪਾਣੀ ਚੜ੍ਹਨ ਕਾਰਨ ਇਕ ਹਜ਼ਾਰ ਮੈਗਾਵਾਟ ਦੀ ਕਰਛਮ ਵਾਂਗਤੂ, ਬਾਸਪਾ ਨਦੀ ’ਤੇ ਬਣੇ 300 ਮੈਗਾਵਾਟ ਦੀ ਬਾਸਪਾ ਪਣਾਅ 2, ਸਤਲੁਜ ਨਦੀ ’ਤੇ ਬਣੇ 1500 ਮੈਗਾਵਾਟ ਦੀ ਨਾਥਪਾ ਝਾਕਡੀ ਤੇ 412 ਮੈਗਾਵਾਟ ਦੀ ਰਾਮਪੁਰ ਪਣਬਿਜਲੀ ਪ੍ਰਾਜੈਕਟਾਂ ’ਚ ਬਿਜਲੀ ਉਤਪਾਦਨ ਬੰਦ ਕਰ ਦਿਤਾ ਗਿਆ ਹੈ। ਪਾਣੀ ਜ਼ਿਆਦਾ ਵਧਣ ਕਾਰਨ ਕਰਛਮ ਤੇ ਨਾਥਮਾ ਡੈਮ ਦੇ ਗੇਟ ਖੋਲ੍ਹ ਦਿਤੇ ਗਏ ਹਨ। ਲਗਾਤਾਰ ਬਾਰਸ਼ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਨਾਲ ਸਤਲੁਜ ਨਦੀ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਨਦੀ ਦੇ ਨਾਲ ਲਗਦੇ ਇਲਕਿਆਂ ਨੂੰ ਸਾਵਧਾਨ ਕਰ ਦਿਤਾ ਹੈ। (ਏਜੰਸੀ)
ਦੇਸ਼ ਦੇ ਕਈ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਭਾਰੀ ਮੀਂਹ ਦਾ ਅਨੁਮਾਨ
ਨਵੀਂ ਦਿੱਲੀ, 13 ਅਗੱਸਤ : ਦੇਸ਼ ਦੇ ਕਈ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਪੱਧਰ ਦਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਹ ਅਨੁਮਾਨ ਲਾਇਆ ਹੈ। ਵਿਭਾਗ ਨੇ ਦਸਿਆ ਕਿ ਉੱਤਰੀ ਪਛਮੀ ਬੰਗਾਲ ਦੀ ਖਾੜੀ ਵਿਚ ਉੱਤਰੀ ਉੜੀਸਾ ਅਤੇ ਪਛਮੀ ਬੰਗਾਲ ਦੇ ਕੰਢਿਆਂ ਲਾਗੇ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਮਿਜ਼ਾਜ ਅਤੇ ਅਰਬ ਸਾਗਰ ਤੋਂ ਨਮੀ ਨਾਲ ਦਖਣੀ ਪੂਰਬੀ ਹਵਾਵਾਂ ਦੇ ਅਗਲੇ ਦੋ ਤਿੰਨ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਨਾਲ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ।
(ਪੀ.ਟੀ.ਆਈ)