
77ਵੇਂ ਆਜ਼ਾਦੀ ਦਿਹਾੜੇ ’ਤੇ ਰਾਸ਼ਟਰਪਤੀ ਦਾ ਦੇਸ਼ ਨੂੰ ਸੰਦੇਸ਼, ਔਰਤਾਂ ਦੇ ਮਜ਼ਬੂਤੀਕਰਨ ਨੂੰ ਪਹਿਲ ਦੇਣ ਦੀ ਅਪੀਲ ਕੀਤੀ
ਕਿਹਾ, ਵਿਦੇਸ਼ਾਂ ’ਚ ਬੇਯਕੀਨੀ ਵਿਚਕਾਰ ਭਾਰਤੀ ਅਰਥਚਾਰਾ ਦੂਜਿਆਂ ਲਈ ਉਮੀਦ ਦਾ ਸਰੋਤ ਬਣਿਆ
ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਵੱਖੋ-ਵੱਖ ਪਤਾਣ ਹੋਣ ਦੇ ਬਾਵਜੂਦ ਸਾਰੇ ਭਾਰਤੀ ਬਰਾਬਰ ਨਾਗਰਿਕ ਹਨ ਜਿਨ੍ਹਾਂ ਨੂੰ ਬਰਾਬਰ ਮੌਕੇ, ਅਧਿਕਾਰ ਅਤੇ ਫ਼ਰਜ਼ ਹਨ। ਅਜਿਹੇ ’ਚ ਦੇਸ਼ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੋਸਤੀ ਅਤੇ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ 77ਵੇਂ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਦੇਸ਼ ਦੇ ਨਾਂ ਅਪਣੇ ਸੰਬੋਧਨ ’ਚ ਕਿਹਾ, ‘‘ਜਦੋਂ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ ਤਾਂ ਅਸਲ ’ਚ ਅਸੀਂ ਇਕ ਮਹਾਨ ਲੋਕਤੰਤਰ ਦੇ ਨਾਗਰਿਕ ਹੋਣ ਦਾ ਜਸ਼ਨ ਵੀ ਮਨਾਉਂਦੇ ਹਾਂ। ਸਾਡੇ ’ਚੋਂ ਹਰ ਕਿਸੇ ਦੀ ਪਛਾਣ ਵੱਖ ਹੈ। ਜਾਤੀ, ਪੰਥ, ਪਾਸ਼ਾ ਅਤੇ ਖੇਤਰ ਤੋਂ ਇਲਾਵਾ ਸਾਡੀ ਅਪਣੇ ਪ੍ਰਵਾਰ ਅਤੇ ਕਾਰਜ ਖੇਤਰ ਨਾਲ ਜੁੜੀ ਪਛਾਣ ਵੀ ਹੁੰਦੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਪਰ ਸਾਡੀ ਇਕ ਪਛਾਣ ਅਜਿਹੀ ਹੈ ਜੋ ਸਭ ਤੋਂ ਉੱਪਰ ਹੈ ਅਤੇ ਉਹ ਹੈ ਭਾਰਤ ਦਾ ਨਾਗਰਿਕ ਹੋਣਾ। ਅਸੀਂ ਸਾਰੇ ਬਰਾਬਰ ਰੂਪ ’ਚ ਇਸ ਦੇ ਮਹਾਨ ਦੇਸ਼ ਦੇ ਨਾਗਰਿਕ ਹਾਂ। ਅਸੀਂ ਸਾਰਿਆਂ ਨੂੰ ਬਰਾਬਰ ਮੌਕੇ ਅਤੇ ਅਧਿਕਾਰ ਹਨ ਅਤੇ ਸਾਡੇ ਫ਼ਰਜ਼ ਵੀ ਬਰਾਬਰ ਹਨ।’’
ਉਨ੍ਹਾਂ ਔਰਤਾਂ ਦੇ ਵਿਕਾਸ ਨੂੰ ਆਜ਼ਾਦੀ ਸੰਗਰਾਮ ਦਾ ਆਦਰਸ਼ ਦਸਦਿਆਂ ਸੋਮਵਾਰ ਨੂੰ ਦੇਸ਼ਵਾਸੀਆਂ ਨੂੰ ਔਰਤਾਂ ਦੀ ਮਜ਼ਬੂਤੀਕਰਨ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਤਾਕਿ ਅੱਧੀ ਆਬਾਦੀ ਹਿੰਮਤ ਨਾਲ ਹਰ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰੇ ਅਤੇ ਜ਼ਿੰਦਗੀ ’ਚ ਅੱਗੇ ਵਧੇ। ਉਨ੍ਹਾਂ ਕਿਹਾ ਕਿ ਅੱਜ ਦੀਆਂ ਔਰਤਾਂ ਨੇ ਅਜਿਹੇ ਕਈ ਖੇਤਰਾਂ ’ਚ ਅਪਣੀ ਥਾਂ ਬਣਾ ਲਈ ਹੈ ਜਿੱਥੇ ਕੁਝ ਦਹਾਕਿਆਂ ਪਹਿਲਾਂ ਉਨ੍ਹਾਂ ਦੀ ਭਾਗੀਦਾਰੀ ਦੀ ਉਮੀਦ ਵੀ ਨਹੀਂ ਕੀਤੀ ਜਾਂਦੀ ਸੀ।
ਰਾਸ਼ਟਰਪਤੀ ਨੇ ਕਿਹਾ, ‘‘ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਔਰਤਾਂ ਦੇ ਮਜ਼ਬੂਤੀਕਰਨ ਨੂੰ ਪਹਿਲ ਦੇਣ। ਮੈਂ ਚਾਹਾਂਗੀ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਹਿੰਮਤ ਨਾਲ ਹਰ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਅਤੇ ਜ਼ਿੰਦਗੀ ’ਚ ਅੱਗੇ ਵਧਣ। ਔਰਤਾਂ ਦਾ ਵਿਕਾਸ, ਆਜ਼ਾਦੀ ਸੰਗਰਾਮ ਦੇ ਆਦਰਸ਼ਾਂ ’ਚ ਸ਼ਾਮਲ ਹਨ।’’
ਦੇਸ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਦੀ ਜ਼ਿਆਦਾਤਰ ਅਰਥਵਿਵਸਥਾਵਾਂ ਦੇ ਨਾਜ਼ੁਕ ਦੌਰ ’ਚੋਂ ਲੰਘਣ ਅਤੇ ਕੌਮਾਂਤਰੀ ਪੱਧਰ ’ਤੇ ਬੇਯਕੀਨੀ ਦਾ ਵਾਤਾਵਰਣ ਹੋਣ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਨਾ ਸਿਰਫ਼ ਸਮਰੱਥ ਸਿੱਧ ਹੋਈ ਹੈ ਬਲਕਿ ਦੂਜਿਆਂ ਲਈ ਉਮੀਦ ਦਾ ਸਰੋਤ ਵੀ ਬਣੀ ਹੈ। ਉਨ੍ਹਾਂ ਕਿਹਾ ਕਿ ਅੱਜ ਮਜ਼ਬੂਤੀਕਰਨ ਦੀ ਭਾਵਨਾ ਨਾਲ ਭਰਪੂਰ ਉਤਸ਼ਾਹ ਦਾ ਸੰਚਾਰ ਸੰਭਵ ਹੋ ਸਕਿਆ ਹੈ ਕਿਉਂਕਿ ਦੇਸ਼ ਹਰ ਮੋਰਚੇ ’ਤੇ ਚੰਗੀ ਤਰੱਕੀ ਕਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਪੂਰੀ ਦੁਨੀਆਂ ’ਚ ਵਿਕਾਸ ਦੇ ਟੀਚਿਆਂ ਅਤੇ ਮਨੁੱਖੀ ਸਹਿਯੋਗ ਨੂੰ ਹੱਲਾਸ਼ੇਰੀ ਦੇਣ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਕੌਮਾਂਤਰੀ ਮੰਚਾਂ ’ਤੇ ਮੋਢੀ ਸਥਾਨ ਬਣਾਇਆ ਹੈ ਅਤੇ ਉਸ ਦੀ ਅਸਰਦਾਰ ਅਗਵਾਈ ’ਚ ਜੀ-20 ਸਮੂਹ ਦੇ ਦੇਸ਼ ਪੂਰੀ ਮਨੁੱਖਤਾ ਲਈ ਮਹੱਤਵਪੂਰਨ ਮੁੱਦਿਆਂ ’ਤੇ ਅਹਿਮ ਕਾਰਵਾਈ ਕਰਨਗੇ।
ਮੁਰਮੂ ਨੇ ਕਿਹਾ ਭਾਰਤ ਪੂਰੀ ਦੁਨੀਆਂ ਦੇ ਵਿਕਾਸ ਟੀਚਿਆਂ ਅਤੇ ਮਨੁੱਖੀ ਸਹਿਯੋਗ ਨੂੰ ਹੱਲਾਸ਼ੇਰੀ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੌਮਾਂਤਰੀ ਮੰਚਾਂ ’ਤੇ ਮੋਢੀ ਸਥਾਨ ਬਣਾਇਆ ਹੈ ਅਤੇ ਜੀ-20 ਦੇਸ਼ਾਂ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਵੀ ਸੰਭਾਲਿਆ ਹੈ।
ਉਨ੍ਹਾਂ ਕਿਹਾ, ‘‘ਕਿਉਂਕਿ ਜੀ-20 ਸਮੂਹ ਦੁਨੀਆਂ ਦੀਆਂ ਦੋ ਤਿਹਾਈ ਵਸੋਂ ਦੀ ਪ੍ਰਤੀਨਿਧਗੀ ਕਰਦਾ ਹੈ, ਇਸ ਲਈ ਇਹ ਸਾਡੀਆਂ ਕੌਮਾਂਤਰੀ ਪਹਿਲਾਂ ਨੂੰ ਸਹੀ ਦਿਸ਼ਾ ’ਚ ਲੈ ਕੇ ਜਾਣ ਦਾ ਅਦੁੱਤੀ ਮੌਕਾ ਹੈ।’’