
ਮਜ਼ਾਕ ਸਮਝ ਮੌਤ ਤੋਂ ਬਾਅਦ ਵੀ ਲੋਕ ਨੱਚਦੇ ਰਹੇ
ਮੱਧ ਪ੍ਰਦੇਸ਼- ਨੱਚਣਾ ਇੱਕ ਬਹੁਤ ਖੁਸ਼ਨੁਮਾ ਪਲ ਹੁੰਦਾ ਹੈ ਅਤੇ ਤੁਸੀਂ ਦੁਨੀਆ ਵਿਚ ਬਹੁਤ ਬੰਦੇ ਮਸਤ ਹੋਕੇ ਆਪਣੇ ਆਪਣੇ ਅੰਦਾਜ਼ 'ਚ ਨੱਚਦੇ ਦੇਖੇ ਹੋਣਗੇ ਪਰ ਅੱਜ ਜੋ ਖ਼ਬਰ ਸਾਹਮਣੇ ਆਈ ਹੈ ਉਹ ਅਜਿਹੇ ਸ਼ਖਸ਼ ਦੀ ਹੈ ਜੋ ਨੱਚਦੇ ਨੱਚਦੇ ਮਰ ਹੀ ਗਿਆ। ਮੱਧ ਪ੍ਰਦੇਸ਼ ਦੇ ਸਿਵਾਨ ਜ਼ਿਲ੍ਹੇ ਵਿਚ ਇਕ ਵਿਅਕਤੀ ਗਣੇਸ਼ ਵਿਸਰਜਨ ਤੋਂ ਬਾਅਦ ਪੂਜਾ ਦੇ ਪੰਡਾਲ ਵਿਚ ਨੱਚਦਾ ਹੋਇਆ ਮਰ ਗਿਆ। ਕਟਿਯਾ ਪਿੰਡ ਵਿਚ ਗਣੇਸ਼ ਵਿਸਰਜਨ ਤੋਂ ਬਾਅਦ ਪੂਜਾ ਦੇ ਪੰਡਾਲ ਵਿਚ ਲੋਕ ਨਚ ਰਹੇ ਸਨ। ਡੀਜੇ ਉਪਰ ਨਾਗਿਨ ਡਾਂਸ ਦੀ ਧੁੰਨ ਵਜਾਈ ਗਈ।
ਪਿੰਡ ਦਾ ਇਕ ਵਿਅਕਤੀ ਸਾੜੀ ਪਾ ਕੇ ਸਟੇਜ ਉਪਰ ਡਾਂਸ ਕਰਨ ਲੱਗਿਆ। ਇਕ ਹੋਰ ਵਿਅਕਤੀ ਗੁਰਚਰਨ ਠਾਕੁਰ ਨਾਮਕ ਸਪੇਰਾ ਬਣ ਕੇ ਬੀਨ ਵਜਾਉਣ ਲੱਗਾ। ਡਾਂਸ ਕਰਦੇ ਹੋਏ ਉਸਨੇ ਅਜਿਹੀ ਛਲਾਂਗ ਮਾਰੀ ਕਿ ਉਹ ਸਿਰ ਦੇ ਭਾਰ ਡਿੱਗਿਆ ਅਤੇ ਮੁੜ ਕੇ ਨਹੀਂ ਉਠਿਆ। ਮੌਕੇ ਤੇ ਮੌਜੂਦ ਲੋਕ ਇਹ ਨਹੀਂ ਸਮਝ ਸਕੇ ਕਿ ਕੀ ਹੋਇਆ। ਜਦੋਂ ਲੋਕਾਂ ਨੇ ਉਸ ਨੂੰ ਹਿਲਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਸੜਕ ਹਾਦਸੇ ਦੌਰਾਨ ਸਿਰ ਉਪਰ ਸੱਟ ਲੱਗੀ ਸੀ ਪਰ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਿਹਾ ਹੈ।