
ਮਾਈਨ ਅਤੇ ਗ੍ਰੇਨੇਡ ਹਮਲਿਆਂ ਤੋਂ ਸੁਰੱਖਿਅਤ ਹਨ ਇਹ ਵਾਹਨ
ਨਵੀਂ ਦਿੱਲੀ - ਭਾਰਤ-ਚੀਨ ਸਰਹੱਦ ਦੀ ਸੁਰੱਖਿਆ ਵਾਸਤੇ ਵੱਡਾ ਕਦਮ ਚੁੱਕਿਆ ਗਿਆ ਹੈ। ਭਾਰਤ ਅਤੇ ਚੀਨ ਦੀਆਂ ਫ਼ੌਜਾਂ ਲੰਮੇ ਸਮੇਂ ਤੋਂ ਲੱਦਾਖ 'ਚ ਤਾਇਨਾਤ ਹਨ, ਅਤੇ ਹੁਣ ਇਸ ਖੇਤਰ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ, ਹਥਿਆਰਾਂ ਨਾਲ ਲੈਸ ਬਖ਼ਤਰਬੰਦ ਵਾਹਨ ਭਾਰਤੀ ਫੌਜ ਵਿੱਚ ਸ਼ਾਮਲ ਕੀਤੇ ਗਏ ਹਨ।
ਇਹ ਵਾਹਨ ਲੱਦਾਖ ਦੇ ਪਹਾੜੀ ਅਤੇ ਬਰਫ਼ੀਲੇ ਖੇਤਰ ਵਿੱਚ ਸੁਰੱਖਿਆ ਸੰਚਾਲਨ ਦੇ ਕੰਮ ਆਉਣਗੇ। ਇਹ 4X4 ਬਖ਼ਤਰਬੰਦ ਵਾਹਨ ਭਾਰਤ ਦੀ ਇੱਕ ਨਿੱਜੀ ਖੇਤਰ ਦੀ ਫ਼ਰਮ ਭਾਰਤ ਫ਼ੋਰਜ ਵੱਲੋਂ ਤਿਆਰ ਕੀਤੇ ਗਏ ਹਨ। ਇਹ ਜਾਣਕਾਰੀ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਦਿੱਤੀ। 6 ਅਕਤੂਬਰ ਨੂੰ ਫ਼ੌਜ ਨੇ ਇਨ੍ਹਾਂ ਵਾਹਨਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ।
ਵਿਸ਼ੇਸ਼ ਸਮਰੱਥਾ ਵਾਲੇ ਇਨ੍ਹਾਂ 4x4 ਬਖ਼ਤਰਬੰਦ ਵਾਹਨਾਂ ਦਾ ਪਹਿਲਾ ਬੈਚ ਮੁਸ਼ਕਿਲ ਅਤੇ ਚੁਣੌਤੀਪੂਰਨ ਖੇਤਰਾਂ ਵਿੱਚ ਫ਼ੌਜੀ ਸਮਰੱਥਾ 'ਚ ਵਾਧਾ ਕਰੇਗਾ। ਜੰਮੂ-ਕਸ਼ਮੀਰ ਲਈ ਇਨ੍ਹਾਂ ਵਾਹਨਾਂ ਦੀ ਪਹਿਲੀ ਖੇਪ ਰਸਮੀ ਤੌਰ 'ਤੇ ਊਧਮਪੁਰ ਸਥਿਤ ਕਮਾਂਡ ਹੈੱਡਕੁਆਰਟਰ ਵਿਖੇ ਭਾਰਤ ਫ਼ੋਰਜ ਲਿਮਟਿਡ ਦੇ ਅਧਿਕਾਰੀਆਂ ਤੋਂ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਉੱਤਰੀ ਕਮਾਂਡ, ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਪ੍ਰਾਪਤ ਕੀਤੀ।
ਉੱਤਰੀ ਕਮਾਂਡ ਨੇ ਇਨ੍ਹਾਂ ਵਾਹਨਾਂ ਨੂੰ ਕਵਿੱਕ ਰਿਐਕਸ਼ਨ ਫ਼ੋਰਸ (QRF) ਲਈ ਤਾਇਨਾਤ ਕੀਤਾ ਹੈ। QRF ਫੌਜ ਦੀ ਇੱਕ ਵਿਸ਼ੇਸ਼ ਯੂਨਿਟ ਹੈ ਜੋ ਐਮਰਜੈਂਸੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਮਰੱਥ ਹੈ। ਇਨ੍ਹਾਂ ਵਾਹਨਾਂ ਦਾ ਨਾਂਅ ਕਲਿਆਣੀ ਐੱਮ4 ਦੱਸਿਆ ਗਿਆ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਜ਼ਮੀਨੀ ਮਾਈਨ ਅਤੇ ਗ੍ਰੇਨੇਡ ਹਮਲਿਆਂ ਤੋਂ ਸੁਰੱਖਿਅਤ ਰਹਿਣਾ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਅੰਦਰ ਪੂਰੀ ਤਰ੍ਹਾਂ ਨਾਲ ਤਿਆਰ ਇੱਕ ਇਨਫ਼ੈਂਟਰੀ ਪਲਟਨ (10 ਸਿਪਾਹੀ) ਸਫ਼ਰ ਕਰ ਸਕਦੀ ਹੈ।