
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸੁਰੱਖਿਆਬਲਾਂ ਨੇ ਦੋ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜੰਮੂ-ਕਸ਼ਮੀਰ , (ਭਾਸਾ ) : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸੁਰੱਖਿਆਬਲਾਂ ਨੇ ਦੋ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਦੋਨੋ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਦੱਸੇ ਜਾ ਰਹੇ ਹਨ। ਉਨ੍ਹਾਂ ਦੇ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਅਸਲ੍ਹਾ ਬਰਾਮਦ ਹੋਇਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਕਿਸੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਸਨ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਭਰੋਸੇਮੰਦ ਸੂਚਨਾ ਦੇ ਆਧਾਰ ਤੇ ਸੁਰੱਖਿਆਬਲਾਂ ਨੇ ਅੰਵਤੀਪੁਰਾ ਖੇਤਰ ਦੇ ਪੰਜਗਾਮ ਵਿਖੇ ਇਕ ਨਾਕੇ ਤੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਜਾਂਚ ਦੌਰਾਨ ਯੂਬੀਜੀਐਲ, ਗ੍ਰੇਨੇਡ ਅਤੇ ਗੋਲੀਆਂ ਤੋਂ ਇਲਾਵਾ ਹੋਰ ਸਮੱਗਰੀ ਸਮੇਤ ਉਨ੍ਹਾਂ ਕੋਲੋਂ ਹਥਿਆਰ ਅਤੇ ਅਸਲ੍ਹਾ ਵੀ ਬਰਾਮਦ ਕੀਤਾ। ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਦੀ ਪਛਾਣ ਜੈਨ ਮੁਹੰਮਦ ਸ਼ੇਖ ਅਤੇ ਨਾਸਿਰ-ਉਲ -ਇਸਲਾਮ ਦੇ ਤੌਰ ਤੇ ਹੋਈ ਹੈ। ਦੋਨੋਂ ਹੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧ ਰੱਖਦੇ ਹਨ। ਕਾਨੂੰਨ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।