
ਮੌਸਮ ਵਿਭਾਗ ਨੇ 14 ਨਵੰਬਰ ਨੂੰ ਤਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਸਮੁੰਦਰ ਨਾਲ ਲਗਦੇ ਇਲਾਕਿਆਂ ’ਚ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ
Heavy rainfall in Tamil Nadu: ਤਮਿਲਨਾਡੂ ਦੇ ਤੱਟਵਰਤੀ ਅਤੇ ਅੰਦਰੂਨੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿਤਾ। ਉੱਤਰ-ਪੂਰਬੀ ਮਾਨਸੂਨ ਕਾਰਨ ਸੂਬੇ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ 14 ਨਵੰਬਰ ਨੂੰ ਤਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਸਮੁੰਦਰ ਨਾਲ ਲਗਦੇ ਇਲਾਕਿਆਂ ’ਚ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ’ਚ ਦੱਖਣ-ਪਛਮੀ ਬੰਗਾਲ ਦੀ ਖਾੜੀ ਅਤੇ ਦਖਣੀ ਅੰਡੇਮਾਨ ਸਾਗਰ ’ਚ ਇਕ ਚੱਕਰਵਾਤੀ ਚੱਕਰ ਦੇ ਗਠਨ ਦੇ ਕਾਰਨ, ਦੱਖਣ-ਪੂਰਬੀ ਬੰਗਾਲ ਦੀ ਖਾੜੀ ’ਚ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ ਪੱਛਮ-ਉੱਤਰ ਪੱਛਮ ਵਲ ਵਧਣ ਅਤੇ 16 ਨਵੰਬਰ ਦੇ ਆਸਪਾਸ ਪਛਮੀ ਕੇਂਦਰੀ ਬੰਗਾਲ ਦੀ ਖਾੜੀ ’ਤੇ ਦਬਾਅ ਦੇ ਰੂਪ ’ਚ ਕੇਂਦਰਿਤ ਹੋਣ ਦੀ ਸੰਭਾਵਨਾ ਹੈ।
ਵਿਭਾਗ ਨੇ ਕਿਹਾ ਕਿ ਜ਼ਿਲ੍ਹਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਅਧਿਕਾਰੀਆਂ ਨੂੰ ਅਰਿਆਲੂਰ, ਤੰਜਾਵੁਰ, ਵਿੱਲੂਪੁਰਮ, ਤਿਰੂਵੰਨਮਲਾਈ, ਨਾਗਪੱਟੀਨਮ, ਤਿਰੂਵਰੂਰ ਅਤੇ ਕੁੱਡਲੋਰ ਜ਼ਿਲ੍ਹਿਆਂ ’ਚ ਸਕੂਲਾਂ ’ਚ ਛੁੱਟੀ ਦਾ ਐਲਾਨ ਕਰਨਾ ਪਿਆ। ਭਵਿੱਖਬਾਣੀ ’ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਚੇਨਈ ਸਮੇਤ ਘੱਟੋ-ਘੱਟ 15 ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪੁਡੂਚੇਰੀ ’ਚ ਅੱਜ ਵੀ ਮੀਂਹ ਜਾਰੀ ਹੈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਤ ਹੋਇਆ ਹੈ। ਬਰਸਾਤ ਕਾਰਨ ਸੜਕਾਂ ’ਤੇ ਕੁਝ ਹੀ ਗੱਡਆਂ ਦਿਸ ਰਹੀਆਂ ਹਨ।
ਪੁਡੂਚੇਰੀ ਦੇ ਗ੍ਰਹਿ ਮੰਤਰੀ ਏ. ਨਮਾਸਿਵਯਮ ਨੇ ਕਿਹਾ ਕਿ ਤੂਫਾਨੀ ਮੌਸਮ ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪੁਡੂਚੇਰੀ ਅਤੇ ਕਰਾਈਕਲ ਖੇਤਰਾਂ ’ਚ ਅੱਜ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਪੁਡੂਚੇਰੀ ਖੇਤਰ ’ਚ ਮੰਗਲਵਾਰ ਸਵੇਰੇ 8:30 ਵਜੇ ਤਕ 12 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਪੁਡੂਚੇਰੀ ਦੇ ਮੱਛੀ ਪਾਲਣ ਅਤੇ ਮਛੇਰੇ ਭਲਾਈ ਵਿਭਾਗ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਖਰਾਬ ਮੌਸਮ ਕਾਰਨ ਮਛੇਰਿਆਂ ਨੂੰ ਮੰਗਲਵਾਰ ਤੋਂ ਦੋ ਦਿਨਾਂ ਲਈ ਸਮੁੰਦਰ ਵਿਚ ਨਾ ਜਾਣ ਲਈ ਕਿਹਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਮੌਸਮ ਵਿਭਾਗ ਨੇ ਇਸ ਸਬੰਧ ’ਚ ਇਕ ਸਲਾਹ ਵੀ ਜਾਰੀ ਕੀਤੀ ਹੈ।