
ਰੇਲਵੇ ਸਟੇਸ਼ਨ 'ਤੇ ਭੀੜ ਨੂੰ ਕਾਬੂ ਕਰਨ ਲਈ ਚੁੱਕਿਆ ਕਦਮ
Railways stopped platform ticket sales: ਦੀਵਾਲੀ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਅਤੇ ਛਠ ਪੂਜਾ ਤੋਂ ਪਹਿਲਾਂ ਰੇਲਵੇ ਸਟੇਸ਼ਨ 'ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਉਤਰੀ ਰੇਲਵੇ ਨੇ ਹੁਣ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਆਨੰਦ ਵਿਹਾਰ ਟਰਮੀਨਲ 'ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ 'ਤੇ ਰੋਕ ਲਗਾ ਦਿਤੀ ਹੈ। ਰੇਲਵੇ ਨੇ ਇਹ ਕਦਮ ਰੇਲਵੇ ਸਟੇਸ਼ਨ 'ਤੇ ਭੀੜ ਨੂੰ ਕਾਬੂ ਕਰਨ ਲਈ ਚੁੱਕਿਆ ਹੈ।
ਉਤਰੀ ਰੇਲਵੇ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਅਤੇ ਆਨੰਦ ਵਿਹਾਰ ਟਰਮੀਨਲ 'ਤੇ 18 ਨਵੰਬਰ 2023 ਯਾਨੀ ਸ਼ਨਿਚਰਵਾਰ ਤਕ ਪਲੇਟਫਾਰਮ ਟਿਕਟਾਂ ਦੀ ਵਿਕਰੀ 'ਤੇ ਰੋਕ ਰਹੇਗੀ। ਹਾਲਾਂਕਿ ਉਤਰੀ ਰੇਲਵੇ ਨੇ ਵੀ ਕੁੱਝ ਮਾਮਲਿਆਂ 'ਚ ਢਿੱਲ ਦਿਤੀ ਹੈ। ਉਤਰੀ ਰੇਲਵੇ ਅਨੁਸਾਰ, ਜੋ ਲੋਕ ਬਜ਼ੁਰਗ, ਬਿਮਾਰ ਜਾਂ ਮਹਿਲਾ ਯਾਤਰੀਆਂ ਨੂੰ ਛੱਡਣ ਲਈ ਰੇਲਵੇ ਸਟੇਸ਼ਨ 'ਤੇ ਆ ਰਹੇ ਹਨ, ਉਨ੍ਹਾਂ ਨੂੰ ਰੇਲਵੇ ਸਟੇਸ਼ਨ 'ਤੇ ਜਾਣ ਦੀ ਇਜਾਜ਼ਤ ਦਿਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਅਤੇ ਛੱਠ ਪੂਜਾ ਕਾਰਨ ਇਸ ਸਮੇਂ ਰੇਲ ਗੱਡੀਆਂ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਪਲੇਟਫਾਰਮ 'ਤੇ ਯਾਤਰੀਆਂ ਦੀ ਭੀੜ ਨੂੰ ਕਾਬੂ ਕਰਨ ਲਈ ਰੇਲਵੇ ਨੇ ਇਹ ਕਦਮ ਯਾਤਰੀਆਂ ਦੇ ਨਾਲ ਜਾਣ ਵਾਲੇ ਰਿਸ਼ਤੇਦਾਰਾਂ ਨੂੰ ਰੇਲਵੇ ਪਲੇਟਫਾਰਮ 'ਤੇ ਜਾਣ ਤੋਂ ਰੋਕਣ ਲਈ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰੇਲਵੇ ਸਟੇਸ਼ਨ 'ਤੇ ਭੀੜ ਕਾਰਨ ਸੂਰਤ 'ਚ ਭਗਦੜ ਦੀ ਘਟਨਾ ਸਾਹਮਣੇ ਆਈ ਸੀ। ਇਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ ਕੁੱਝ ਯਾਤਰੀ ਬੇਹੋਸ਼ ਹੋ ਗਏ। ਇਸ ਤੋਂ ਇਲਾਵਾ ਛਪਰਾ ਸਟੇਸ਼ਨ 'ਤੇ ਵੀ ਭਗਦੜ ਦੀ ਘਟਨਾ ਸਾਹਮਣੇ ਆਈ ਹੈ।
ਰੇਲਵੇ ਨੇ ਤਿਉਹਾਰਾਂ ਦੇ ਮੱਦੇਨਜ਼ਰ 300 ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ ਪਰ ਇਹ ਟਰੇਨਾਂ ਵੀ ਨਾਕਾਫੀ ਸਾਬਤ ਹੋ ਰਹੀਆਂ ਹਨ। ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਟਿਕਟਾਂ ਦੀ ਪੁਸ਼ਟੀ ਹੋਣ ਦੇ ਬਾਵਜੂਦ ਉਹ ਅਪਣੀਆਂ ਸੀਟਾਂ 'ਤੇ ਨਹੀਂ ਪਹੁੰਚ ਸਕੇ। ਇਸ ਵਿਚ ਏਸੀ ਟੀਅਰ 3 ਅਤੇ 2 ਯਾਤਰੀ ਵੀ ਸ਼ਾਮਲ ਹਨ।
Railways stopped platform ticket sales