
ਭਾਰਤ ਸਰਕਾਰ ਭਾਵੇਂ ਨਵੀਂ ਕਰੰਸੀ ਜਾਰੀ ਕਰਨ ਤੋਂ ਬਾਅਦ ਇਸ ਦੇ ਤਰ੍ਹਾਂ-ਤਰ੍ਹਾਂ ਦੇ ਫ਼ਾਇਦੇ ਗਿਣਵਾ ਰਹੀ ਹੈ ਪਰ ਗੁਆਂਢੀ ਦੇਸ਼ ਨੇਪਾਲ ਨੇ ਭਾਰਤ ...
ਨਵੀਂ ਦਿੱਲੀ (ਭਾਸ਼ਾ) : ਭਾਰਤ ਸਰਕਾਰ ਭਾਵੇਂ ਨਵੀਂ ਕਰੰਸੀ ਜਾਰੀ ਕਰਨ ਤੋਂ ਬਾਅਦ ਇਸ ਦੇ ਤਰ੍ਹਾਂ-ਤਰ੍ਹਾਂ ਦੇ ਫ਼ਾਇਦੇ ਗਿਣਵਾ ਰਹੀ ਹੈ ਪਰ ਗੁਆਂਢੀ ਦੇਸ਼ ਨੇਪਾਲ ਨੇ ਭਾਰਤ ਦੀ ਇਸ ਨਵੀਂ ਕਰੰਸੀ ਨੂੰ ਗ਼ੈਰਕਾਨੂੰਨੀ ਐਲਾਨ ਕਰਦੇ ਹੋਏ ਅਪਣੇ ਦੇਸ਼ ਵਿਚ ਇਸ 'ਤੇ ਰੋਕ ਲਗਾ ਦਿਤੀ ਹੈ। ਅੱਜ ਤੋਂ ਨੇਪਾਲ ਵਿਚ ਦੋ ਹਜ਼ਾਰ, ਪੰਜ ਸੌ ਅਤੇ ਦੋ ਸੌ ਰੁਪਏ ਦੇ ਨਵੇਂ ਨੋਟ ਨਹੀਂ ਚੱਲ ਸਕਣਗੇ। ਚੱਲਣਾ ਤਾਂ ਇਕ ਪਾਸੇ ਇਨ੍ਹਾਂ ਨੂੰ ਲੈ ਕੇ ਨੇਪਾਲ ਆਉਣਾ, ਅਪਣੇ ਕੋਲ ਰੱਖਣਾ ਅਤੇ ਇਨ੍ਹਾਂ ਨੋਟਾਂ ਦੇ ਬਦਲੇ ਸਾਮਾਨ ਦੇਣਾ ਗ਼ੈਰ ਕਾਨੂੰਨੀ ਮੰਨਿਆ ਜਾਵੇਗਾ। ਨੇਪਾਲ ਦੇ ਸੰਚਾਰ ਅਤੇ ਸੂਚਨਾ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਦੇਰ ਰਾਤ ਇਸਦੀ ਪੁਸ਼ਟੀ ਕੀਤੀ ਹੈ।
ਯਕੀਨਨ ਤੌਰ 'ਤੇ ਨੇਪਾਲ ਸਰਕਾਰ ਦੇ ਇਸ ਫ਼ੈਸਲੇ ਦਾ ਅਸਰ ਨੇਪਾਲ ਦੇ ਸੈਲਾਨੀਆਂ 'ਤੇ ਪਵੇਗਾ। ਭਾਰਤੀ ਸੈਲਾਨੀਆਂ ਨੂੰ ਵੀ ਇਸ ਨਾਲ ਕਾਫ਼ੀ ਮੁਸ਼ਕਲ ਪੇਸ਼ ਆਵੇਗੀ। ਨੇਪਾਲ ਸਰਕਾਰ ਨੇ ਹੁਣ ਤਕ ਭਾਰਤ ਵਿਚ ਨੋਟਬੰਦੀ ਦੇ ਬਾਅਦ ਜਾਰੀ ਹੋਈ ਨਵੀਂ ਕਰੰਸੀ ਨੂੰ ਮਾਨਤਾ ਤਾਂ ਨਹੀਂ ਦਿਤੀ ਸੀ, ਪਰ ਉਸ ਨੂੰ ਗ਼ੈਰਕਾਨੂੰਨੀ ਵੀ ਨਹੀਂ ਐਲਾਨਿਆ ਗਿਆ ਸੀ। ਇਸ ਕਰਕੇ ਹੁਣ ਤਕ ਇਹ ਨਵੇਂ ਨੋਟ ਨੇਪਾਲ ਦੇ ਬਾਜ਼ਾਰ ਵਿਚ ਚੱਲ ਰਹੇ ਸਨ, ਪਰ ਹੁਣ ਨੇਪਾਲ ਸਰਕਾਰ ਨੇ ਨਵੀਂ ਭਾਰਤੀ ਕਰੰਸੀ ਨੂੰ ਗੈਰਕਾਨੂੰਨੀ ਐਲਾਨ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਹੁਣ ਜੇਕਰ ਤੁਸੀਂ ਨੇਪਾਲ ਜਾਣਾ ਹੈ ਤਾਂ ਉਥੇ ਵਰਤੋਂ ਲਈ 100-50 ਜਾਂ ਹੋਰ ਛੋਟੇ ਨੋਟ ਲੈ ਕੇ ਜਾਣੇ ਹੋਣਗੇ, ਜਾਂ ਫਿਰ ਨਵੀਂ ਕਰੰਸੀ ਨੂੰ ਨੇਪਾਲ ਬਾਰਡਰ 'ਤੇ ਹੀ ਨੇਪਾਲ ਦੀ ਕਰੰਸੀ ਨਾਲ ਬਦਲਣਾ ਹੋਵੇਗਾ। ਸੂਤਰਾਂ ਅਨੁਸਾਰ ਨੇਪਾਲ ਸਰਕਾਰ ਨੇ ਵੱਡੇ ਨਵੇਂ ਨੋਟਾਂ ਦੀ ਵਧ ਰਹੀ ਜਾਅਲੀ ਕਰੰਸੀ ਦੀ ਤਸਕਰੀ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਦਸਿਆ ਜਾਂਦਾ ਹੈ।