
ਰਾਵਤ ਨੇ ਉਹਨਾਂ ਜਵਾਨਾਂ ਨੂੰ ਚਿਤਾਵਨੀ ਦਿਤੀ ਜੋ ਬੀਮਾਰੀ ਜਾਂ ਅਸਮਰਥਾ ਦਾ ਬਹਾਨਾ ਬਣਾ ਕੇ ਅਪਣੀ ਡਿਊਟੀ ਤੋਂ ਬਚਦੇ ਹਨ ਅਤੇ ਲਾਭ ਪ੍ਰਾਪਤ ਕਰਦੇ ਹਨ।
ਪੂਣੇ, ( ਭਾਸ਼ਾ ) : ਭਾਰਤੀ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਫ਼ੌਜ ਨੂੰ ਰੁਜ਼ਗਾਰ ਹਾਸਲ ਕਰਵਾਉਣ ਵਾਲੀ ਸੰਸਥਾ ਦੇ ਤੌਰ 'ਤੇ ਨਹੀਂ ਵੇਖਣਾ ਚਾਹੀਦਾ ਹੈ। ਰਾਵਤ ਨੇ ਉਹਨਾਂ ਜਵਾਨਾਂ ਨੂੰ ਚਿਤਾਵਨੀ ਦਿਤੀ ਜੋ ਬੀਮਾਰੀ ਜਾਂ ਅਸਮਰਥਾ ਦਾ ਬਹਾਨਾ ਬਣਾ ਕੇ ਅਪਣੀ ਡਿਊਟੀ ਤੋਂ ਬਚਦੇ ਹਨ ਅਤੇ ਲਾਭ ਪ੍ਰਾਪਤ ਕਰਦੇ ਹਨ। ਇਸ ਮੌਕੇ ਉਹਨਾਂ ਨੇ ਸੇਵਾਮੁਕਤ ਅਤੇ ਸੇਵਾ ਕਰਦੇ ਹੋਏ ਉਹਨਾਂ ਜਵਾਨਾਂ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿਤਾ ਜੋ ਡਿਊਟੀ ਦੌਰਾਨ ਅਸਲ ਵਿਚ ਅਸਮਰਥਾ ਦਾ ਸ਼ਿਕਾਰ ਹੋਏ ਹਨ।
Rawat with disabled jawans
ਜੇਕਰ ਤੁਸੀਂ ਫ਼ੌਜ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਦਾ ਪ੍ਰਦਰਸ਼ਨ ਕਰਨਾ ਹੋਵੇਗਾ। ਤੁਹਾਡੇ ਅੰਦਰ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰਥਾ ਹੋਣੀ ਚਾਹੀਦੀ ਹੈ। ਫ਼ੋਜ ਮੁਖੀ ਨੇ ਕਿਹਾ ਕਿ ਕਈ ਨੌਜਵਾਨ ਮੇਰੇ ਕੋਲ ਆ ਕੇ ਕਹਿੰਦੇ ਹਨ ਕਿ ਮੈਨੂੰ ਫ਼ੌਜ ਵਿਚ ਨੌਕਰੀ ਚਾਹੀਦੀ ਹੈ। ਮੈਂ ਉਹਨਾਂ ਨੂੰ ਕਹਿੰਦਾ ਹਾਂ ਨੌਕਰੀ ਚਾਹੀਦੀ ਹੈ ਤਾਂ ਰੇਲਵੇ ਵਿਚ ਜਾਓ ਜਾਂ ਅਪਣਾ ਬਿਜਨਸ ਖੋਲ ਲਵੋ। ਜ਼ਿਕਰਯੋਗ ਹੈ ਕਿ ਰਾਵਤ ਇਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ ਜਿਸ ਵਿਚ ਦੱਖਣੀ ਕਮਾਨ, ਦੱਖਣੀ ਪੱਛਮੀ ਕਮਾਨ ਅਤੇ ਕੇਂਦਰੀ ਕਮਾਨ ਦੇ 600 ਸੇਵਾਮੁਕਤ ਅਤੇ ਸੇਵਾ ਕਰਦੋ ਹੇਏ ਫ਼ੌਜੀ ਸ਼ਾਮਲ ਸਨ।
Disabled soldiers under rehabilitation
ਫ਼ੌਜ ਨੇ ਸਾਲ 2018 ਨੂੰ 'ਡਿਊਟੀ ਲਾਈਨ ਵਿਚ ਅਸਮਰਥ ਫੌਜੀਆਂ 'ਦੇ ਸਾਲ ਦੇ ਤੌਰ 'ਤੇ ਐਲਾਨ ਕੀਤਾ ਹੈ। ਜਨਰਲ ਰਾਵਤ ਨੇ ਕਿਹਾ ਕਿ ਜਿਹੜੇ ਜਵਾਨ ਅਤੇ ਅਧਿਕਾਰੀ ਅਸਮਰਥਾ ਦਾ ਬਹਾਨਾ ਕਰਨਗੇ ਉਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਮੈਂ ਫ਼ੌਜੀਆਂ ਅਤੇ ਅਧਿਕਾਰੀਆਂ ਦਾ ਇਕ ਵਰਗ ਦੇਖਿਆ ਹੈ ਜੋ ਅਪਣੇ ਆਪ ਨੂੰ ਇਸ ਆਧਾਰ 'ਤੇ ਅਸਮਰਥ ਦੱਸਦੇ ਹਨ ਕਿ ਉਹ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਅਤੇ ਸੂਗਰ ਤੋਂ ਪੀੜਤ ਹਨ। ਇਸ ਆਧਾਰ ਤੇ ਉਹ ਮੁਸ਼ਕਲ ਥਾਵਾਂ 'ਤੇ ਤੈਨਾਤੀ ਹੋਣ ਤੋਂ ਬਚ ਜਾਂਦੇ ਹਨ।
Year of disabled soldiers
ਬਿਪਨ ਰਾਵਤ ਨੇ ਕਿਹਾ ਕਿ ਅਜਿਹੇ ਲੋਕ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦੇ ਹਨ ਅਤੇ ਤਣਾਅ ਦਾ ਸਾਹਮਣਾ ਨਹੀਂ ਕਰ ਸਕਦੇ। ਇਹਨਾਂ ਸਾਰਿਆਂ ਨੂੰ ਹਕੀਕੀ ਤੌਰ 'ਤੇ ਅਸਮਰਥ ਵਿਅਕਤੀਆਂ ਨੂੰ ਦੇਖ ਕੇ ਅਪਣੇ ਆਪ ਵਿਚ ਸ਼ਰਮ ਆਉਣੀ ਚਾਹੀਦੀ ਹੈ। ਜਿਹਨਾਂ ਨੇ ਅਜਿਹੀ ਹਾਲਤ ਵਿਚ ਵੀ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ।