ਕੇਂਦਰੀ ਮੰਤਰੀ ਨੇ ਇਹ ਗੱਲ ਲੋਕ ਸਭਾ ਵਿਚ ਮਹਾਰਾਸ਼ਟਰ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਦੇ ਸਵਾਲ ਦੇ ਜਵਾਬ ਵਿਚ ਕਹੀ।
ਨਵੀਂ ਦਿੱਲੀ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਕੇਤ ਦਿੱਤਾ ਕਿ ਰੇਲਵੇ ਵਿਚ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਗਈ ਛੋਟ ਫਿਲਹਾਲ ਬਹਾਲ ਨਹੀਂ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਯਾਤਰੀ ਸੇਵਾ ਲਈ ਪਿਛਲੇ ਸਾਲ 59,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਅਤੇ ਰੇਲਵੇ 'ਤੇ ਪੈਨਸ਼ਨ ਅਤੇ ਤਨਖਾਹ ਦਾ ਬੋਝ ਬਹੁਤ ਵੱਡਾ ਹੈ।
ਕੇਂਦਰੀ ਮੰਤਰੀ ਨੇ ਇਹ ਗੱਲ ਲੋਕ ਸਭਾ ਵਿਚ ਮਹਾਰਾਸ਼ਟਰ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਦੇ ਸਵਾਲ ਦੇ ਜਵਾਬ ਵਿਚ ਕਹੀ। ਨਵਨੀਤ ਰਾਣਾ ਨੇ ਸਵਾਲ ਕੀਤਾ ਸੀ ਕਿ ਰੇਲਵੇ ਵਿਚ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀ ਜਾਣ ਵਾਲੀ ਰਿਆਇਤ ਕਦੋਂ ਤੱਕ ਬਹਾਲ ਹੋਵੇਗੀ? ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਛੋਟ ਮੁਲਤਵੀ ਕਰ ਦਿੱਤੀ ਗਈ। ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਨੇ ਯਾਤਰੀ ਸੇਵਾਵਾਂ ਲਈ 59,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ, ਜੋ ਕਿ ਬਹੁਤ ਵੱਡੀ ਰਕਮ ਹੈ ਅਤੇ ਕੁਝ ਸੂਬਿਆਂ ਦੇ ਸਾਲਾਨਾ ਬਜਟ ਤੋਂ ਵੀ ਵੱਧ ਹੈ।
ਉਹਨਾਂ ਇਹ ਵੀ ਕਿਹਾ ਕਿ ਰੇਲਵੇ ਵੱਲੋਂ ਪੈਨਸ਼ਨ ਦੇ ਸਿਰਲੇਖ ਹੇਠ ਜਾਰੀ ਕੀਤੀ ਰਾਸ਼ੀ 60 ਹਜ਼ਾਰ ਕਰੋੜ ਰੁਪਏ ਹੈ ਅਤੇ ਤਨਖ਼ਾਹ ਦੇ ਸਿਰਲੇਖ ਹੇਠ ਜਾਰੀ ਕੀਤੀ ਰਾਸ਼ੀ 97 ਹਜ਼ਾਰ ਕਰੋੜ ਰੁਪਏ ਹੈ। ਇਸ ਤੋਂ ਇਲਾਵਾ 40 ਹਜ਼ਾਰ ਕਰੋੜ ਰੁਪਏ ਈਂਧਨ 'ਤੇ ਖਰਚੇ ਜਾਂਦੇ ਹਨ। ਅਸ਼ਵਿਨੀ ਵੈਸ਼ਨਵ ਨੇ ਕਿਹਾ, “ਅਸੀਂ ਪਿਛਲੇ ਸਾਲ ਯਾਤਰੀਆਂ ਨੂੰ 59 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ਅਤੇ ਨਵੀਆਂ ਸਹੂਲਤਾਂ ਆ ਰਹੀਆਂ ਹਨ। ਜੇਕਰ ਕੋਈ ਨਵਾਂ ਫੈਸਲਾ ਲੈਣਾ ਪਿਆ ਤਾਂ ਅਸੀਂ ਕਰਾਂਗੇ। ਪਰ ਮੌਜੂਦਾ ਸਥਿਤੀ ਵਿਚ ਸਾਰਿਆਂ ਨੂੰ ਰੇਲਵੇ ਦੀ ਸਥਿਤੀ ਨੂੰ ਵੇਖਣਾ ਚਾਹੀਦਾ ਹੈ।”
ਇਕ ਹੋਰ ਸਵਾਲ ਦੇ ਜਵਾਬ ਵਿਚ ਵੈਸ਼ਨਵ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵੰਦੇ ਭਾਰਤ ਰੇਲ ਗੱਡੀਆਂ ਵੱਧ ਤੋਂ ਵੱਧ 500 ਤੋਂ 550 ਕਿਲੋਮੀਟਰ ਦੀ ਦੂਰੀ ਤੱਕ ਚੱਲਦੀਆਂ ਹਨ ਅਤੇ ਇਕ ਵਾਰ ਢੁਕਵਾਂ ਬੁਨਿਆਦੀ ਢਾਂਚਾ ਤਿਆਰ ਹੋਣ ਤੋਂ ਬਾਅਦ ਉਹਨਾਂ ਨੂੰ ਲੰਬੀ ਦੂਰੀ ਲਈ ਵੀ ਚਲਾਇਆ ਜਾਵੇਗਾ।