ਸਫ਼ਦਰਜੰਗ ਹਸਪਤਾਲ 'ਚ ਜ਼ੇਰੇ ਇਲਾਜ ਹੈ ਲੜਕੀ
ਨਵੀਂ ਦਿੱਲੀ - ਪੱਛਮੀ ਦਿੱਲੀ ਵਿੱਚ ਬੁੱਧਵਾਰ ਸਵੇਰੇ 17 ਸਾਲਾ ਲੜਕੀ ਉੱਤੇ ਤੇਜ਼ਾਬ ਸੁੱਟਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਪਿਛਲੇ ਕਾਰਨਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੱਛਮੀ ਦਿੱਲੀ ਵਿੱਚ ਸਕੂਲ ਲਈ ਘਰੋਂ ਨਿਕਲਣ ਤੋਂ ਕੁਝ ਹੀ ਮਿੰਟਾਂ ਬਾਅਦ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਵਿਦਿਆਰਥਣ ’ਤੇ ਤੇਜ਼ਾਬ ਸੁੱਟ ਦਿੱਤਾ ਸੀ।
ਲੜਕੀ ਦਾ ਸਫ਼ਦਰਜੰਗ ਹਸਪਤਾਲ ਦੇ 'ਬਰਨਜ਼ ਆਈ.ਸੀ.ਯੂ.' 'ਚ ਇਲਾਜ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਦਿਨ ਵਿੱਚ, ਪੁਲਿਸ ਡਿਪਟੀ ਕਮਿਸ਼ਨਰ (ਦਵਾਰਕਾ) ਐੱਮ. ਹਰਸ਼ਵਰਧਨ ਨੇ ਕਿਹਾ ਕਿ ਉੱਤਮ ਨਗਰ ਨੇੜੇ ਮੋਹਨ ਗਾਰਡਨ ਵਿੱਚ ਆਪਣੀ ਛੋਟੀ ਭੈਣ ਨਾਲ ਜਾਂਦੇ ਸਮੇਂ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਲੜਕੀ ਨੇ, ਦੋ ਵਿਅਕਤੀਆਂ ਦੇ ਨਾਮ ਲਏ ਹਨ ਜੋ ਹਮਲੇ ਲਈ ਜ਼ਿੰਮੇਵਾਰ ਹੋ ਸਕਦੇ ਹਨ। ਉਨ੍ਹਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।"
ਸਫ਼ਦਰਜੰਗ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ, “ਉਸ ਦਾ (ਪੀੜਤ ਲੜਕੀ ਦਾ) ਚਿਹਰਾ 7-8 ਫ਼ੀਸਦੀ ਸੜ ਗਿਆ ਹੈ ਅਤੇ ਉਸ ਦੀਆਂ ਅੱਖਾਂ ਵੀ ਪ੍ਰਭਾਵਿਤ ਹੋਈਆਂ ਹਨ। ਉਸ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।"
ਘਟਨਾ ਨੂੰ ਲੈ ਕੇ ਉੱਠੇ ਰੋਹ ਤੋਂ ਬਾਅਦ, ਉਪ-ਰਾਜਪਾਲ ਵੀ.ਕੇ. ਸਕਸੈਨਾ, ਔਰਤਾਂ ਦੇ ਸਮੂਹ ਅਤੇ ਹੋਰਾਂ ਨੇ ਪਾਬੰਦੀ ਦੇ ਬਾਵਜੂਦ ਬਾਜ਼ਾਰ ਵਿੱਚ ਤੇਜ਼ਾਬ ਦੀ ਉਪਲਬਧਤਾ 'ਤੇ ਸਵਾਲ ਚੁੱਕੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਲ ਕੀਤਾ ਕਿ ਦੋਸ਼ੀ ਨੇ ਇੰਨੀ ਹਿੰਮਤ ਕਿਵੇਂ ਜੁਟਾਈ ਹੋਵੇਗੀ।