
ਈ.ਸੀ.ਐਚ.ਐਸ. ਦੁਆਰਾ ਸਮਰਪਿਤ ਹਸਪਤਾਲ ਸਥਾਪਿਤ ਕਰਨ ਦੀ ਤਜਵੀਜ਼
ਚੰਡੀਗੜ੍ਹ - ਪੰਜਾਬ ਵਿੱਚ ਜਲੰਧਰ ਅਤੇ ਹਰਿਆਣਾ ਵਿੱਚ ਅੰਬਾਲਾ ਦੇਸ਼ ਦੇ ਉਨ੍ਹਾਂ ਅੱਠ ਸ਼ਹਿਰਾਂ ਵਿੱਚ ਸ਼ਾਮਲ ਹਨ, ਜਿੱਥੇ ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ (ਈ.ਸੀ.ਐਚ.ਐਸ.) ਤਹਿਤ ਸਾਬਕਾ ਸੈਨਿਕਾਂ ਲਈ ਸਮਰਪਿਤ ਹਸਪਤਾਲ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ।
ਦੋਵਾਂ ਸੂਬਿਆਂ ਵਿੱਚ ਸਾਬਕਾ ਸੈਨਿਕਾਂ ਦੀ ਵੱਡੀ ਆਬਾਦੀ ਹੈ। ਰੱਖਿਆ ਮੰਤਰਾਲੇ ਦੁਆਰਾ 3 ਫਰਵਰੀ ਨੂੰ ਸੰਸਦ ਵਿੱਚ ਰੱਖੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਰਜਿਸਟਰਡ ਸਾਬਕਾ ਸੈਨਿਕਾਂ ਦੀ ਗਿਣਤੀ 3,27,212 ਹੈ। ਹਰਿਆਣਾ ਵਿੱਚ 1,66,279 ਰਜਿਸਟਰਡ ਸਾਬਕਾ ਸੈਨਿਕ ਹਨ।
ਹੋਰ ਥਾਵਾਂ ਜਿੱਥੇ ਸਾਬਕਾ ਸੈਨਿਕਾਂ ਲਈ ਹਸਪਤਾਲ ਬਣਾਏ ਜਾਣ ਦੀ ਉਮੀਦ ਹੈ, ਉਨ੍ਹਾਂ ਵਿੱਚ ਨਵੀਂ ਦਿੱਲੀ, ਦੇਹਰਾਦੂਨ, ਬਰੇਲੀ, ਬੈਂਗਲੁਰੂ, ਹੈਦਰਾਬਾਦ, ਚੇਨਈ, ਅਤੇ ਦੇਹਰਾਦੂਨ ਸ਼ਾਮਲ ਹਨ।
ਯੋਜਨਾ ਤਹਿਤ 200 ਤੋਂ 300 ਬਿਸਤਰਿਆਂ ਵਾਲੇ ਹਸਪਤਾਲ ਬਣਾਏ ਜਾਣਗੇ, ਅਤੇ ਇਨ੍ਹਾਂ ਦਾ ਬੁਨਿਆਦੀ ਢਾਂਚਾ ਰੱਖਿਆ ਵਿਭਾਗ ਦੀਆਂ ਜ਼ਮੀਨਾਂ 'ਤੇ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਹਸਪਤਾਲਾਂ ਵਿੱਚ ਆਮ, ਭਾਵ ਗ਼ੈਰ-ਸੈਨਿਕ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।
ਈ.ਸੀ.ਐਚ.ਐਸ. ਦੀ ਸ਼ੁਰੂਆਤ 2003 ਵਿੱਚ ਕੀਤੀ ਗਈ, ਜਿਸ ਤਹਿਤ ਸਾਬਕਾ ਸੈਨਿਕਾਂ, ਉਨ੍ਹਾਂ ਦੇ ਹੱਕਦਾਰ ਆਸ਼ਰਿਤਾਂ ਅਤੇ ਕੁਝ ਹੋਰ ਹੱਕਦਾਰ ਸ਼੍ਰੇਣੀਆਂ ਨੂੰ ਇਸ ਦੁਆਰਾ ਚਲਾਏ ਜਾਣ ਵਾਲੇ ਪੋਲੀਕਲੀਨਿਕਾਂ ਦੇ ਇੱਕ ਰਾਸ਼ਟਰਵਿਆਪੀ ਨੈਟਵਰਕ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਨਕਦ ਰਹਿਤ ਡਾਕਟਰੀ ਇਲਾਜ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ।
ਈ.ਸੀ.ਐਚ.ਐਸ. ਦਾ ਦੇਸ਼ ਭਰ ਵਿੱਚ 45 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਗਾਹਕ ਆਧਾਰ ਹੈ, ਜਿਸ ਵਿੱਚ ਪਤੀ-ਪਤਨੀ ਅਤੇ ਕੁਝ ਮਾਮਲਿਆਂ ਵਿੱਚ ਸਾਬਕਾ ਸੈਨਿਕਾਂ ਦੇ ਬੱਚੇ ਜਾਂ ਮਾਪੇ ਸ਼ਾਮਲ ਹਨ। ਨਵੇਂ ਤਜਵੀਜ਼ਸ਼ੁਦਾ ਹਸਪਤਾਲਾਂ ਦੀ ਸਥਾਪਨਾ ਉਨ੍ਹਾਂ ਥਾਵਾਂ 'ਤੇ ਕੀਤੀ ਜਾ ਰਹੀ ਹੈ ਜਿੱਥੇ ਸਾਬਕਾ ਸੈਨਿਕਾਂ ਦੀ ਵੱਡੀ ਆਬਾਦੀ ਹੈ।
ਈ.ਸੀ.ਐਚ.ਐਸ. ਦੀ ਸਥਾਪਨਾ ਤੋਂ ਪਹਿਲਾਂ, ਸਾਬਕਾ ਸੈਨਿਕ ਮਿਲਟਰੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਕਰਦੇ ਸਨ। ਇਸ ਦੀ ਕਲਪਨਾ ਇਨ੍ਹਾਂ ਹਸਪਤਾਲਾਂ 'ਤੇ ਕੰਮ ਦਾ ਬੋਝ ਘਟਾਉਣ ਅਤੇ ਸਾਬਕਾ ਸੈਨਿਕਾਂ ਨੂੰ ਵਧੇਰੇ ਸੁਵਿਧਾਜਨਕ ਥਾਵਾਂ 'ਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਗਈ ਸੀ।