
ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਦਾ ਸੀਬੀਆਈ ਨੇ ਵਿਰੋਧ ਕੀਤਾ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ 'ਚ ਹੀ ਰਹਿਣਾ ਪਵੇਗਾ। ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਹੁਣ ਅਗਸਤ 'ਚ ਸੁਣਵਾਈ ਹੋਵੇਗੀ। ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਦਾ ਸੀਬੀਆਈ ਨੇ ਵਿਰੋਧ ਕੀਤਾ।
Supreme court
ਸੀਬੀਆਈ ਨੇ ਕਿਹਾ ਕਿ ਸੱਜਣ ਕੁਮਾਰ ਵਿਰੁੱਧ ਅਪਰਾਧ ਸਾਬਤ ਹੋ ਚੁੱਕਾ ਹੈ। ਸੱਜਣ ਵਿਰੁੱਧ ਦੂਜੇ ਮਾਮਲਿਆਂ ਦੀ ਸੁਣਵਾਈ ਜਾਰੀ ਹੈ। ਇਸ ਤੋਂ ਪਹਿਲਾਂ ਵੀ ਉਹ ਸੀਬੀਆਈ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਚੁੱਕੇ ਹਨ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ. "ਅਸੀਂ ਇਸ ਮਾਮਲੇ ਦੀ ਸੁਣਵਾਈ ਹੁਣ ਅਗਸਤ 'ਚ ਕਰਾਂਗੇ।" ਹਾਲਾਂਕਿ ਸੱਜਣ ਕੁਮਾਰ ਦੇ ਵਕੀਲ ਵਲੋਂ ਦਲੀਲਾਂ ਦਿੱਤੀਆਂ ਗਈਆਂ ਅਤੇ ਗੋਧਰਾ ਕਾਂਡ ਦਾ ਉਦਾਹਰਣ ਵੀ ਦਿੱਤਾ ਗਿਆ।
Sajjan Kumar
ਦੱਸਣਯੋਗ ਹੈ ਕਿ ਸੱਜਣ ਕੁਮਾਰ ਨੇ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰ ਕੇ ਦਿੱਲੀ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ 'ਚ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦਿੱਲੀ ਕੈਂਟ ਇਲਾਕੇ 'ਚ ਸਿੱਖਾਂ ਦੇ ਕਤਲੇਆਮ ਮਾਮਲੇ 'ਚ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ।