
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਧਰਨੇ ਨੂੰ ਹੋਰ ਰਾਜਸੀ ਸਮਰਥਨ ਮਿਲਿਆ .......
ਨਵੀਂ ਦਿੱਲੀ, : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਧਰਨੇ ਨੂੰ ਹੋਰ ਰਾਜਸੀ ਸਮਰਥਨ ਮਿਲਿਆ ਹੈ। ਧਰਨੇ ਦਾ ਸਮਰਥਨ ਕਰਨ ਵਾਲਿਆਂ ਵਿਚ ਤਮਿਲ ਅਭਿਨੇਤਾ ਕਮਲ ਹਸਨ ਤੋਂ ਇਲਾਵਾ ਆਰਜੇਡੀ, ਸੀਪੀਐਮ ਵੀ ਸ਼ਾਮਲ ਹੈ ਜਿਨ੍ਹਾਂ ਨੇ ਭਾਜਪਾ ਸਰਕਾਰ 'ਤੇ ਆਪ ਸਰਕਾਰ ਦੇ ਕੰਮਾਂ ਵਿਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਹੈ।
ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਉਪ ਰਾਜਪਾਲ ਦੇ ਦਫ਼ਤਰ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਦਿੱਲੀ ਸਰਕਾਰ ਦੇ ਕੰਮਾਂ ਵਿਚ ਨਾਜਾਇਜ਼ ਢੰਗ ਨਾਲ ਅੜਿੱਕਾ ਡਾਹ ਰਹੀ ਹੈ। ਕੇਜਰੀਵਾਲ ਅਤੇ ਉਸ ਦੇ ਤਿੰਨ ਕੈਬਨਿਟ ਸਾਥੀ ਮਨੀਸ਼ ਸਿਸੋਦੀਆ, ਗੋਪਾਲ ਰਾਏ ਅਤੇ ਸਤੇਂਦਰ ਜੈਨ ਅਪਣੀਆਂ ਮੰਗਾਂ ਸਬੰਧੀ ਸੋਮਵਾਰ ਤੋਂ ਹੀ ਉਪ ਰਾਜਪਾਲ ਦੇ ਦਫ਼ਤਰ ਵਿਚ ਧਰਨੇ 'ਤੇ ਬੈਠੇ ਹੋਏ ਹਨ।
ਇਨ੍ਹਾਂ ਮੰਗਾਂ ਵਿਚ ਇਹ ਵੀ ਸ਼ਾਮਲ ਹੈ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਜਾਣ ਕਿ ਉਹ ਅਪਣੀ ਹੜਤਾਲ ਖ਼ਤਮ ਕਰਨ ਅਤੇ ਕੰਮ ਵਿਚ ਅੜਿੱਕਾ ਖੜਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ। ਇਹ ਉਹ ਵੀ ਚਾਹੁੰਦੇ ਹਨ ਕਿ ਉਪ ਰਾਜਪਾਲ 'ਦਰਵਾਜ਼ੇ 'ਤੇ ਰਾਸ਼ਨ ਦੀ ਸਪਲਾਈ' ਯੋਜਨਾ ਦੀ ਵੀ ਪ੍ਰਵਾਨਗੀ ਦੇਣ। ਸ਼ਰਦ ਯਾਦਵ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਨੂੰ ਕਿਸੇ ਨਾ ਕਿਸੇ ਕਾਰਨ ਕੰਮ ਨਹੀਂ ਕਰਨ ਦਿਤਾ ਜਾ ਰਿਹਾ। (ਏਜੰਸੀ)