
ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਗਰਮੀ ਦੀਆਂ ਛੁੱਟੀਆਂ '......
ਨਵੀਂ ਦਿੱਲੀ, : ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਗਰਮੀ ਦੀਆਂ ਛੁੱਟੀਆਂ 'ਚ ਜਿੱਥੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਸਿਖਲਾਈ ਦੇਣ ਦਾ ਕਾਰਜ ਕਰ ਰਹੀ ਹੈ। ਉਥੇ ਹੀ ਇਨ੍ਹਾਂ ਬੱਚਿਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਤੇ ਮਾਂ-ਬੋਲੀ ਪੰਜਾਬੀ ਨਾਲ ਜੋੜਨ ਵਾਸਤੇ ਵੀ ਉਪਰਾਲੇ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਕੀਤਾ।
ਇਸ ਸਬੰਧੀ ਅਕਾਦਮੀ ਦੇ ਨੌਜਵਾਨ ਤੇ ਦੂਰ ਅੰਦੇਸ਼ੀ ਦੇ ਮਾਲਕ, ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਅਤੇ ਇੰਡੋਰ ਖੇਡਾਂ ਕਰਕੇ ਬੱਚਿਆਂ ਦੀ ਰੰਗਮੰਚ ਅਤੇ ਥੀਏਟਰ ਨਾਲ ਸਾਂਝ ਖਤਮ ਹੁੰਦੀ ਜਾ ਰਹੀ ਹੈ।ਜਦ ਕਿ ਰੰਗਮੰਚ ਰਾਹੀਂ ਜਿੱਥੇ ਬੱਚਿਆਂ ਵਿੱਚ ਸਵੈ-ਭਰੋਸਾ ਕਾਇਮ ਹੁੰਦਾ ਹੈ ਉਥੇ ਹੀ ਉਨ੍ਹਾਂ ਦਾ ਪੰਜਾਬੀ ਬੋਲੀ ਦਾ ਉਚਾਰਨ ਵੀ ਸ਼ੁੱਧ ਹੁੰਦਾ ਹੈ।ਅਕਾਦਮੀ ਰੰਗਮੰਚ ਅਤੇ ਥੀਏਟਰ ਦੇ ਮਾਹਿਰਾਂ ਰਾਹੀਂ ਇਨ੍ਹਾਂ ਬੱਚਿਆਂ ਨੂੰ ਸਮੁਚੀ ਦਿੱਲੀ ਅੰਦਰ 18 ਦੇ ਲਗਭਗ ਕੇਂਦਰਾਂ ਵਿੱਚ ਟਰੇਨਿੰਗ ਦੇਣ ਦਾ ਕਾਰਜ ਕਰ ਰਹੀ ਹੈ।
ਉਨਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਮਕਬੂਲੀਅਤ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸਖ਼ਤ ਗਰਮੀ ਦੇ ਬਾਵਜੂਦ ਬੱਚਿਆਂ ਦਾ ਉਤਸ਼ਾਹ ਵੇਖਣ ਵਾਲਾ ਹੈ। ਬੱਚਿਆਂ ਦੀ ਭਰਵੀਂ ਗਿਣਤੀ ਇਸ ਗੱਲ ਦਾ ਸਬੂਤ ਹੈ। ਇਸ ਬਾਬਤ ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਵੀ ਆਪਣਾ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬੀ ਅਕਾਦਮੀ ਵੱਲੋਂ ਇਨ੍ਹਾਂ ਕੇਂਦਰਾਂ ਦਾ ਨਿਗਰਾਣੀ ਲਈ ਸੁਪਰਵਾਈਜ਼ਰ ਵੀ ਲਾਏ ਗਏ ਹਨ।
ਇਸੇ ਤਰ੍ਹਾਂ ਦਿੱਲੀ ਦੇ ਦੁਆਰਕਾ ਇਲਾਕੇ ਵਿੱਚ 'ਵੇਂਕਟੇਸ਼ਵਰ ਇੰਟਰਨੈਸ਼ਲ ਸਕੂਲ' ਵਿਖੇ ਚਲਾਈ ਜਾ ਰਹੀ ਰੰਗਮੰਚ ਦੀ ਕਾਰਜਸ਼ਾਲਾ ਦਾ ਨਿਰੀਖਣ ਕਰਦੇ ਹੋਏ ਫਿਲਮ ਜਗਤ, ਥੀਏਟਰ ਅਤੇ ਰੰਗਮੰਚ ਦੀ ਮਸ਼ਹੂਰ ਸ਼ਖਸ਼ੀਅਤ ਗੁਰਦੀਪ ਸਿਹਰਾ ਨੇ ਬੱਚਿਆਂ ਦੀ ਕਾਰਜਸ਼ਾਲਾ ਵਿੱਚ ਜਾ ਕੇ ਉਨ੍ਹਾਂ ਨਾਲ ਸਾਂਝ ਪਾਈ। ਇਸ ਮੌਕੇ ਬੱਚਿਆਂ ਨੇ ਸ. ਸਿਹਰਾ ਹੋਰਾਂ ਨੂੰ ਕੇਂਦਰ ਵਿਖੇ ਪ੍ਰਾਪਤ ਕੀਤੀ ਰੰਗਮੰਚ ਦੀ ਸਿਖਲਾਈ ਬਾਰੇ ਜਾਣੂ ਕਰਾਇਆ।
ਗੁਰਦੀਪ ਸਿਹਰਾ ਨੇ ਆਪ ਵੀ ਬੱਚਿਆਂ ਨੂੰ ਸੈਂਟਰ ਵਿਖੇ ਤਿਆਰ ਕਰਾਏ ਜਾ ਰਹੇ ਨਾਟਕ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ' ਦੀ ਮੰਚਣ ਯੋਗਤਾ ਦੇ ਪਹਿਲੂਆਂ ਬਾਰੇ ਚਾਨਣਾ ਪਾਇਆ। ਜ਼ਿਕਰਯੋਗ ਗੱਲ ਇਹ ਹੈ ਕਿ ਅਕਾਦਮੀ ਦੇ ਇਨ੍ਹਾਂ ਕੇਂਦਰਾਂ 'ਚ ਰੰਗਮੰਚ ਦੀ ਟਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਦਾ ਰਾਜ ਪੱਧਰੀ ਪ੍ਰਦਰਸ਼ਨ ਦਿੱਲੀ ਦੇ ਕਮਾਨੀ ਆਡੀਟੋਰੀਅਮ ਵਿਖੇ 21 ਅਤੇ 22 ਜੂਨ ਨੂੰ ਕਰਾਇਆ ਕੀਤਾ ਜਾ ਰਿਹਾ ਹੈ।