
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਚੋਣ ਮੈਨੀਫ਼ੈਸਟੋ ਕੀਤਾ ਜਾਰੀ
ਨਵੀਂ ਦਿੱਲੀ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਜਾਰੀ ਚੋਣ ਮੈਨੀਫ਼ੈਸਟੋ 'ਚ ਭਾਜਪਾ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ 'ਭਾਰਤ ਰਤਨ' ਐਵਾਰਡ ਦੇਣ ਦਾ ਵਾਅਦਾ ਕੀਤਾ ਹੈ। ਭਾਜਪਾ ਅਤੇ ਮਹਾਰਾਸ਼ਟਰ 'ਚ ਉਸ ਦੀ ਸਹਿਯੋਗੀ ਸ਼ਿਵਸੈਨਾ ਲੰਮੇ ਸਮੇਂ ਤੋਂ ਸਾਵਰਕਰ ਨੂੰ 'ਭਾਰਤ ਰਤਨ' ਦੇਣ ਦੀ ਵਕਾਲਤ ਕਰਦੇ ਰਹੇ ਹਨ। ਭਾਜਪਾ ਨੇ ਚੋਣ ਮੈਨੀਫ਼ੈਸਟੋ 'ਚ ਸਾਵਰਕਰ ਤੋਂ ਇਲਾਵਾ ਸਾਵਿਤਰੀ ਬਾਈ ਫੂਲੇ ਨੂੰ ਵੀ 'ਭਾਰਤ ਰਤਨ' ਦਿਵਾਉਣ ਦਾ ਵਾਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ 'ਭਾਰਤ ਰਤਨ' ਐਵਾਰਡ ਲਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਨਾਵਾਂ ਦੀ ਸਿਫ਼ਾਰਸ਼ ਕਰਦੇ ਹਨ ਅਤੇ ਹਰ ਸਾਲ ਸਿਰਫ਼ ਤਿੰਨ ਐਵਾਰਡ ਦਿੱਤੇ ਜਾਂਦੇ ਹਨ।
Maharashtra unit of BJP proposes Bharat Ratna for Savarkar
ਵਿਧਾਨ ਸਭਾ ਚੋਣਾਂ 'ਚ ਭਾਜਪਾ ਅਤੇ ਸ਼ਿਵਸੈਨਾ ਨੇ ਗਠਜੋੜ ਕੀਤਾ ਹੈ। ਹਾਲਾਂਕਿ ਦੋਵੇਂ ਪਾਰਟੀਆਂ ਨੇ ਆਪਣਾ ਵੱਖੋ-ਵੱਖਰਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਹੈ। ਪਹਿਲਾਂ ਸ਼ਿਵਸੈਨਾ ਨੇ ਆਪਣਾ ਵੱਖਰਾ ਮੈਨੀਫ਼ੈਸਟੋ ਜਾਰੀ ਕੀਤਾ ਅਤੇ ਹੁਣ ਭਾਜਪਾ ਵੀ ਵੱਖਰੇ ਮੈਨੀਫ਼ੈਸਟੋ ਨਾਲ ਲੋਕਾਂ ਦੇ ਸਾਹਮਣੇ ਆਈ ਹੈ। ਕਈ ਲੋਕ-ਲੁਭਾਵਨੇ ਵਾਅਦਿਆਂ ਦਾ ਜ਼ਿਕਰ ਕਰ ਕੇ ਦੁਬਾਰਾ ਸੱਤਾ ਹਾਸਲ ਕਰਨ ਲਈ ਭਾਜਪਾ ਪੂਰਾ ਜ਼ੋਰ ਲਗਾ ਰਹੀ ਹੈ। ਮੈਨੀਫ਼ੈਸਟੋ 'ਚ ਸਾਵਰਕਰ ਅਤੇ ਸਾਵਿਤਰੀ ਬਾਈ ਫੂਲੇ ਨੂੰ 'ਭਾਰਤ ਰਤਨ' ਦਿਵਾਉਣ ਦੇ ਵਾਅਦੇ ਨਾਲ ਭਾਜਪਾ ਨੇ ਸਿਹਤ ਤੇ ਸਿਖਿਆ 'ਤੇ ਜ਼ੋਰ ਦਿੱਤਾ ਹੈ।
Maharashtra unit of BJP proposes Bharat Ratna for Savarkar
ਭਾਜਪਾ ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾਂ ਨੂੰ ਦਿਨ 'ਚ 12 ਘੰਟੇ ਤੋਂ ਵੱਧ ਬਿਜਲੀ ਦੇਣ ਦੇ ਵਾਅਦੇ ਦੇ ਨਾਲ ਹੀ ਭਾਜਪਾ ਨੇ ਨੌਜਵਾਨਾਂ ਨੂੰ 1 ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਭਾਰਤ ਨੈਟ ਅਤੇ ਮਹਾਰਾਸ਼ਟਰ ਨੈਟ ਰਾਹੀਂ ਪੂਰੇ ਮਹਾਰਾਸ਼ਟਰ ਨੂੰ ਇੰਟਰਨੈਟ ਨਾਲ ਜੋੜਨ ਦੀ ਗੱਲ ਵੀ ਕਹੀ ਗਈ ਹੈ। ਇਸ ਤੋਂ ਇਲਾਵਾ ਸ਼ਿਵਸੈਨਾ ਨੇ ਬਿਜਲੀ ਦੀਆਂ ਦਰਾਂ 'ਚ 30 ਫ਼ੀਸਦੀ ਕਟੌਤੀ ਅਤੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦਾ ਵੀ ਵਾਅਦਾ ਕੀਤਾ ਹੈ। ਸ਼ਿਵਸੈਨਾ ਨੇ '1 ਰੁਪਏ ਕਲੀਨਿਕ' ਖੋਲ੍ਹਣ ਦਾ ਵਾਅਦਾ ਕੀਤਾ ਹੈ, ਜਿਥੇ ਗਰੀਬਾਂ ਦੀ ਸਿਰਫ਼ 1 ਰੁਪਏ 'ਚ ਸਿਹਤ ਜਾਂਚ ਹੋਵੇਗੀ।