
ਕਿਹਾ, ਸੱਜਣ ਕੁਮਾਰ ਨੂੰ ਪੁਲਿਸ ਨੇ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ.......
ਨਵੀਂ ਦਿੱਲੀ : ਸੀ.ਬੀ.ਆਈ. ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ 'ਚ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਕਥਿਤ ਭੂਮਿਕਾ ਦੀ ਜਾਂਚ 'ਚ 'ਖ਼ਾਮੀ' ਸੀ ਕਿਉਂਕਿ ਇਸ 'ਚ ਸੱਜਣ ਕੁਮਾਰ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜਸਟਿਸ ਐਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੂੰ ਇਹ ਵੀ ਦਸਿਆ ਕਿ ਪੁਲਿਸ ਨੇ ਇਸ ਉਮੀਦ ਨਾਲ ਕਤਲੇਆਮ ਦੌਰਾਨ ਦਰਜ ਐਫ਼.ਆਈ.ਆਰ. ਨੂੰ ਠੰਢੇ ਬਸਤੇ 'ਚ ਰਖਿਆ ਕਿ ਪ੍ਰਭਾਵਤ ਲੋਕ ਸੁਲਾਹ ਕਰ ਲੈਣਗੇ ਅਤੇ ਮਾਮਲੇ ਨੂੰ ਹੱਲ ਕਰ ਲੈਣਗੇ।
ਸੀ.ਬੀ.ਆਈ. ਵਲੋਂ ਵਿਸ਼ੇਸ਼ ਸਰਕਾਰੀ ਵਕੀਲ ਸੀਨੀਅਰ ਵਕੀਲ ਆਰ.ਐਸ. ਚੀਮਾ ਨੇ ਦਸਿਆ ਕਿ ਦਿੱਲੀ ਪੁਲਿਸ ਦੀ ਜਾਂਚ 'ਚ 'ਖ਼ਾਮੀ' ਸੀ ਕਿਉਂਕਿ ਇਸ ਉਮੀਦ ਨਾਲ ਐਫ਼.ਆਈ.ਆਰ. ਨੂੰ ਠੰਢੇ ਬਸਤੇ 'ਚ ਰਖਿਆ ਕਿ ਲੋਕ ਸੁਲਾਹ ਕਰ ਲੈਣਗੇ ਅਤੇ ਮਾਮਲੇ ਬੰਦ ਹੋ ਜਾਵੇਗਾ। ਸੇਵਾਮੁਕਤ ਸਮੁੰਦਰੀ ਫ਼ੌਜ ਅਧਿਕਾਰੀ ਕੈਪਟਨ ਭਾਗਮੱਲ, ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਦੋ ਹੋਰਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਏ ਦੰਗਿਆਂ ਦੌਰਾਨ
ਇਕ ਨਵੰਬਰ, 1984 ਨੂੰ ਦਿੱਲੀ ਕੈਂਟ ਦੇ ਰਾਗ ਨਗਰ ਇਲਾਕੇ 'ਚ ਇਕ ਪ੍ਰਵਾਰ ਦੇ ਪੰਜ ਜੀਆਂ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ। ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ। ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁਧ ਸੀ.ਬੀ.ਆਈ. ਅਤੇ ਪੀੜਤ ਪ੍ਰਵਾਰ ਨੇ ਹਾਈ ਕੋਰਟ 'ਚ ਅਪੀਲ ਕੀਤੀ ਸੀ। ਸੱਜਣ ਕੁਮਾਰ ਵਲੋਂ ਦਲੀਲਾਂ 'ਤੇ ਸੁਣਵਾਈ 22 ਅਕਤੂਬਰ ਨੂੰ ਹੋਵੇਗੀ।