
ਮੀਡੀਆ ਰਿਪੋਰਟਾਂ ਵਿਚ ਸਾਰੇ ਮਜ਼ਦੂਰ ਬਿਹਾਰ ਦੇ ਦੱਸੇ ਜਾ ਰਹੇ ਹਨ।
ਹੰਥਿਆਲ: ਮਿਜ਼ੋਰਮ ਦੇ ਹੰਥਿਆਲ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਪੱਥਰ ਦੀ ਖਾਨ ਢਹਿ ਗਈ। ਹਾਦਸੇ ਵਿਚ 12 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਸੀ। ਬੀਐਸਐਫ ਦੀ ਟੀਮ ਨੇ ਮੰਗਲਵਾਰ ਸਵੇਰੇ 8 ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਇਹ ਘਟਨਾ ਦੁਪਹਿਰ ਕਰੀਬ 3 ਵਜੇ ਮੌਦਰਹ ਇਲਾਕੇ 'ਚ ਵਾਪਰੀ। ਬਚਾਅ ਟੀਮਾਂ ਨੇ ਰੈਸਕਿਊ ਓਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿਚ ਸਾਰੇ ਮਜ਼ਦੂਰ ਬਿਹਾਰ ਦੇ ਦੱਸੇ ਜਾ ਰਹੇ ਹਨ।
ਐਸਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਏਬੀਸੀਆਈਐਲ ਇੰਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ 13 ਕਰਮਚਾਰੀ ਖਾਨ ਵਿਚ ਕੰਮ ਕਰ ਰਹੇ ਸਨ। ਇਕ ਮਜ਼ਦੂਰ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਿਆ ਪਰ 12 ਮਜ਼ਦੂਰ ਬਚ ਨਾ ਸਕੇ। ਉਹ ਮਲਬੇ ਵਿਚ ਫਸ ਗਏ। ਐਸਪੀ ਨੇ ਦੱਸਿਆ ਕਿ ਸ਼ਾਮ 7.30 ਵਜੇ ਤੱਕ ਕਿਸੇ ਵੀ ਮਜ਼ਦੂਰ ਨੂੰ ਕੱਢਣ ਵਿਚ ਸਫ਼ਲਤਾ ਨਹੀਂ ਮਿਲੀ ਹੈ।
ਇਹ ਖਾਨ ਪਿਛਲੇ ਢਾਈ ਸਾਲਾਂ ਤੋਂ ਚਾਲੂ ਹੈ। ਸੂਤਰਾਂ ਮੁਤਾਬਕ ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਵਾਪਸ ਪਰਤੇ ਹੀ ਸਨ ਕਿ ਖੱਡ ਡਿੱਗ ਗਈ ਅਤੇ ਉਹ ਹੇਠਾਂ ਫਸ ਗਏ। ਮਜ਼ਦੂਰਾਂ ਦੇ ਨਾਲ-ਨਾਲ 5 ਖੁਦਾਈ ਮਸ਼ੀਨਾਂ ਅਤੇ ਕਈ ਡਰਿਲਿੰਗ ਮਸ਼ੀਨਾਂ ਵੀ ਖਾਨ ਵਿਚ ਦੱਬ ਗਈਆਂ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਸੀਮਾ ਸੁਰੱਖਿਆ ਬਲ ਅਤੇ ਅਸਾਮ ਰਾਈਫਲਜ਼ ਬਚਾਅ ਕਾਰਜ 'ਚ ਲੱਗੇ ਹੋਏ ਹਨ। ਨੇੜਲੇ ਪਿੰਡ ਅਤੇ ਸ਼ਹਿਰ ਦੇ ਲੋਕ ਬਚਾਅ ਕਾਰਜ ਵਿਚ ਮਦਦ ਕਰ ਰਹੇ ਹਨ। ਮੈਡੀਕਲ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।