
ਦਿੱਲੀ ਤੋਂ ਆ ਰਹੀਆਂ ਵੱਡੀਆਂ ਮਸ਼ੀਨਾਂ
Uttarkashi tunnel collapse: ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਸ ’ਚ ਪਿਛਲੇ 72 ਘੰਟਿਆਂ ਤੋਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੇ ਯਤਨਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਇਕ ‘ਇਸਸਕੇਪ ਟਨਲ’ ਬਣਾਉਣ ਲਈ ਸ਼ੁਰੂ ਕੀਤੀ ਡਰਿਲਿੰਗ ਨੂੰ ਤਾਜ਼ਾ ਜ਼ਮੀਨ ਖਿਸਕਣ ਕਾਰਨ ਰੋਕਣਾ ਪਿਆ।
ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਸਵੇਰੇ 12:30 ਵਜੇ ਤਕ ਮਲਬੇ ’ਚ ਵੱਡੇ ਵਿਆਸ ਦੇ ਮਾਈਲਡ ਸਟੀਲ ਦੀਆਂ ਪਾਈਪਾਂ ਪਾਉਣ ਲਈ ਡਰਿਲਿੰਗ ਦਾ ਕੰਮ ਚੱਲ ਰਿਹਾ ਸੀ ਪਰ ਜ਼ਮੀਨ ਖਿਸਕਣ ਕਾਰਨ ਇਸ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਇਸ ਦੌਰਾਨ ਸਿਲਕਿਆਰਾ ਸੁਰੰਗ ’ਚ ਡਰਿੰਲਿੰਗ ਲਈ ਲਗਾਈ ਗਈ ਆਗਰ ਮਸ਼ੀਨ ਵੀ ਖਰਾਬ ਹੋਣ ਦੀ ਸੂਚਨਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਵੀ ਸੁਰੰਗ ’ਚ ਉੱਪਰ ਤੋਂ ਮਲਬਾ ਡਿਗਿਆ ਸੀ। ਇਸ ਮਗਰੋਂ ਮਚੀ ਭਗਦੜ ਵਰਗੀ ਸਥਿਤੀ ’ਚ ਬਚਾਅ ਕਾਰਜ ’ਚ ਲੱਗੇ ਦੋ ਮਜ਼ਦੂਰ ਮਾਮੂਲੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸੁਰੰਗ ਬਾਹਰ ਬਣੇ ਅਸਥਾਈ ਹਸਪਤਾਲ ’ਚ ਲਿਜਾਣਾ ਪਿਆ। ਪੁਲਿਸ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੇਹਰਾਦੂਨ ’ਚ ਦਸਿਆ ਕਿ ਭਾਰਤੀ ਹਵਾਈ ਫ਼ੌਜ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਛੇਤੀ ਹੀ ਦਿੱਲੀ ਤੋਂ ਵੱਡੀਆਂ ਮਸ਼ੀਨਾਂ ਮੌਕੇ ’ਤੇ ਭੇਜੀਆਂ ਜਾਣਗੀਆਂ ਤਾਂ ਜੋ ਮਜ਼ਦੂਰਾਂ ਨੂੰ ਸੁਰੰਗ ’ਚੋਂ ਬਾਹਰ ਕਢਿਆ ਜਾ ਸਕੇ।
ਦਿੱਲੀ ਤੋਂ ਦੋ ਹਰਕਿਊਲਿਸ ਜਹਾਜ਼ ਬਚਾਅ ਕਾਰਜਾਂ ਲਈ ਸਪਲਾਈ ਲੈ ਕੇ ਘਟਨਾ ਵਾਲੀ ਥਾਂ ਨੇੜੇ ਚਿਨਿਆਲੀਸੌੜ ਹਵਾਈ ਅੱਡੇ ’ਤੇ ਪਹੁੰਚਣਗੇ ਜਿੱਥੋਂ ਉਨ੍ਹਾਂ ਨੂੰ ਸਿਲਕਿਆਰਾ ਲਿਆਂਦਾ ਜਾਵੇਗਾ। ਦੂਜੇ ਪਾਸੇ ਸਿਲਕਿਆਰਾ ਸਥਿਤ ਪੁਲੀਸ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਗਰ ਮਸ਼ੀਨ ਲਗਾਉਣ ਲਈ ਬਣਾਏ ਪਲੇਟਫਾਰਮ ਨੂੰ ਢਾਹ ਕੇ ਵੱਡੀਆਂ ਮਸ਼ੀਨਾਂ ਲਈ ਨਵਾਂ ਪਲੇਟਫਾਰਮ ਬਣਾਇਆ ਜਾਵੇਗਾ। ਮਲਬੇ ’ਚ ਲੇਟਵੀਂ ਡਰਿਲਿੰਗ ਲਈ ਆਗਰ ਮਸ਼ੀਨ ਲਗਾਉਣ ਲਈ ਪਲੇਟਫਾਰਮ ਬਣਾਉਣ ’ਚ ਮੰਗਲਵਾਰ ਨੂੰ ਲਗਭਗ ਪੂਰਾ ਦਿਨ ਲੱਗ ਗਿਆ।
ਬਚਾਅ ਕਾਰਜ ’ਚ ਰੁਕਾਵਟ ਕਾਰਨ ਸੁਰੰਗ ’ਚ ਫਸੇ ਮਜ਼ਦੂਰਾਂ ਦੇ ਬਾਹਰ ਆਉਣ ਦੀ ਉਡੀਕ ਐਤਵਾਰ ਸਵੇਰ ਤੋਂ ਹੀ ਲੰਮੀ ਹੁੰਦੀ ਜਾ ਰਹੀ ਹੈ। ਸੂਬੇ ਦੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਸੋਮਵਾਰ ਨੂੰ ਉਮੀਦ ਜਤਾਈ ਸੀ ਕਿ ਮੰਗਲਵਾਰ ਰਾਤ ਜਾਂ ਬੁਧਵਾਰ ਸਵੇਰ ਤਕ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਬਾਅਦ ’ਚ 900 ਮਿਲੀਮੀਟਰ ਵਿਆਸ ਵਾਲੀ ਪਾਈਪ ਰਾਹੀਂ ‘ਇਸਕੇਪ ਟਨਲ’ ਬਣਾ ਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਨਵੀਂ ਯੋਜਨਾ ਦਾ ਪ੍ਰਗਟਾਵਾ ਹੋਣ ਤੋਂ ਬਾਅਦ, ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਰੁਹੇਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੇਕਰ ਸਭ ਕੁਝ ਠੀਕ ਰਿਹਾ, ਤਾਂ ਮਜ਼ਦੂਰਾਂ ਨੂੰ ਬੁਧਵਾਰ ਤਕ ਬਾਹਰ ਕਢ ਲਿਆ ਜਾਵੇਗਾ।
ਸਾਰੇ ਮਜ਼ਦੂਰ ਸੁਰੱਖਿਅਤ
ਹਾਲਾਂਕਿ ਸੁਰੰਗ ’ਚ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪਾਈਪਾਂ ਰਾਹੀਂ ਆਕਸੀਜਨ, ਪਾਣੀ, ਸੁੱਕੇ ਮੇਵੇ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ, ਬਿਜਲੀ, ਦਵਾਈਆਂ ਆਦਿ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ। ਚਾਰਧਾਮ ਆਲ ਵੈਦਰ ਰੋਡ ਪ੍ਰਾਜੈਕਟ ਤਹਿਤ ਸਿਲਕਿਆਰਾ ਵਾਲੇ ਪਾਸੇ ਤੋਂ ਮੂੰਹ ਦੇ ਅੰਦਰ 270 ਮੀਟਰ ਅੰਦਰ ਬਣੀ ਸੁਰੰਗ ਦਾ ਕਰੀਬ 30 ਮੀਟਰ ਹਿੱਸਾ ਢਹਿ ਗਿਆ ਸੀ ਅਤੇ ਉਦੋਂ ਤੋਂ ਮਜ਼ਦੂਰ ਇਸ ਦੇ ਅੰਦਰ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ, ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਦੇ 160 ਬਚਾਅ ਕਰਮਚਾਰੀਆਂ ਦੀ ਟੀਮ ਦਿਨ-ਰਾਤ ਬਚਾਅ ਕਾਰਜਾਂ ’ਚ ਲੱਗੀ ਹੋਈ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅਧਿਕਾਰੀ ਸੁਰੰਗ ਦੇ ਅੰਦਰ ਜਾ ਕੇ ਪਾਈਪ ਰਾਹੀਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਵਰਕਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਬਚਾਅ ਕਾਰਜਾਂ ਬਾਰੇ ਜਾਣਕਾਰੀ ਦੇ ਰਹੇ ਹਨ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰ ਰਹੇ ਹਨ।
ਮਜ਼ਦੂਰਾਂ ਦੇ ਵਾਪਸ ਆਉਣ ਮਗਰੋਂ ਤੁਰਤ ਇਲਾਜ ਲਈ ਅਸਥਾਈ ਹਸਪਤਾਲ ਤਿਆਰ
ਉੱਤਰਕਾਸ਼ੀ ਦੇ ਮੁੱਖ ਮੈਡੀਕਲ ਅਧਿਕਾਰੀ ਆਰ.ਸੀ.ਐਸ. ਪੰਵਾਰ ਨੇ ਦਸਿਆ ਕਿ ਸੁਰੰਗ ਦੇ ਨੇੜੇ ਛੇ ਬਿਸਤਰਿਆਂ ਦਾ ਅਸਥਾਈ ਹਸਪਤਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ 10 ਐਂਬੂਲੈਂਸਾਂ ਦੇ ਨਾਲ ਮੈਡੀਕਲ ਟੀਮਾਂ ਵੀ ਮੌਕੇ ’ਤੇ ਤਾਇਨਾਤ ਹਨ ਤਾਂ ਜੋ ਮਜ਼ਦੂਰਾਂ ਦੇ ਬਾਹਰ ਆਉਣ ’ਤੇ ਉਨ੍ਹਾਂ ਨੂੰ ਤੁਰਤ ਡਾਕਟਰੀ ਸਹਾਇਤਾ ਦਿਤੀ ਜਾ ਸਕੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਲਗਾਤਾਰ ਅਧਿਕਾਰੀਆਂ ਤੋਂ ਸੁਰੰਗ ’ਚ ਫਸੇ ਮਜ਼ਦੂਰਾਂ ਅਤੇ ਉਨ੍ਹਾਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਲੈ ਰਹੇ ਹਨ।
(For more news apart from Uttarkashi tunnel collapse, stay tuned to Rozana Spokesman)