
ਆਮ ਜਨਤਾ ‘ਤੇ ਮਹਿੰਗਾਈ ਦੀ ਇਕ ਹੋਰ ਮਾਰ ਪਈ ਹੈ। ਅੱਜ ਤੋਂ ਦੁੱਧ ਮਹਿੰਗਾ ਹੋ ਗਿਆ ਹੈ।
ਨਵੀਂ ਦਿੱਲੀ: ਆਮ ਜਨਤਾ ‘ਤੇ ਮਹਿੰਗਾਈ ਦੀ ਇਕ ਹੋਰ ਮਾਰ ਪਈ ਹੈ। ਅੱਜ ਤੋਂ ਦੁੱਧ ਮਹਿੰਗਾ ਹੋ ਗਿਆ ਹੈ। ਮਦਰ ਡੇਅਰੀ ਅਤੇ ਅਮੂਲ ਦਾ ਦੁੱਧ ਅੱਜ ਤੋਂ ਮਹਿੰਗਾ ਹੋ ਗਿਆ ਹੈ। ਦਿੱਲੀ ਵਿਚ ਮਦਰ ਡੇਅਰੀ ਨੇ ਦੁਧ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਖਬਰਾਂ ਮੁਤਾਬਕ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ 'ਚ 3 ਰੁਪਏ ਤੱਕ ਦਾ ਵਾਧਾ ਕੀਤਾ ਹੈ।
ਨਵੀਂਆਂ ਦਰਾਂ ਐਤਵਾਰ ਯਾਨੀ ਕਿ ਅੱਜ ਤੋਂ ਲਾਗੂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਤੱਕ ਦਾ ਵਾਧਾ ਕੀਤਾ ਹੈ। ਦਿੱਲੀ ਵਿਚ ਅਮੂਲ ਗੋਲਡ ਅਤੇ ਅਮੂਲ ਤਾਜ਼ਾ 2-2- ਰੁਪਏ ਮਹਿੰਗਾ ਹੋ ਕੇ 55 ਰੁਪਏ ਅਤੇ 44 ਰੁਪਏ ਲੀਟਰ ਵਿਚ ਮਿਲੇਗਾ। ਅਮੂਲ ਦਾ ਗਾਂ ਦਾ ਦੁੱਧ ਵੀ 42 ਦੀ ਥਾਂ 44 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਮਦਰ ਡੇਅਰੀ ਨੇ ਦੁਧ ਦੀਆਂ ਕੀਮਤਾਂ ਵਿਚ ਵਾਧਾ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿਤੀ ਹੈ। ਮਦਰ ਡੇਅਰੀ ਦਿੱਲੀ ਦੇ ਖੇਤਰ 'ਚ ਹਰ ਰੋਜ਼ ਕਰੀਬ 30 ਲੱਖ ਲੀਟਰ ਦੁੱਧ ਦੀ ਸਪਲਾਈ ਕਰਦਾ ਹੈ। ਇਸ ਵਿਚੋਂ 8 ਲੱਖ ਲੀਟਰ ਦੁੱਧ ਗਾਂ ਦਾ ਹੁੰਦਾ ਹੈ। ਦਿੱਲੀ ਐਨਸੀਆਰ 'ਚ ਫਿਲਹਾਲ ਮਦਰ ਡੇਅਰੀ ਦਾ ਟੋਕਨ ਦੁੱਧ ਹੁਣ 2 ਰੁਪਏ ਮਹਿੰਗਾ ਹੋ ਕੇ 42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਫੁੱਲ ਕ੍ਰੀਮ ਦੁੱਧ ਦੀ ਇਕ ਲੀਟਰ ਵਾਲੀ ਥੈਲੀ ਹੁਣ 55 ਰੁਪਏ 'ਚ ਤੇ ਅੱਧੇ ਲੀਟਰ ਵਾਲੀ ਥੈਲੀ 28 ਰੁਪਏ 'ਚ ਮਿਲੇਗੀ। ਪੁਰਾਣੀਆਂ ਕੀਮਤਾਂ ਕ੍ਰਮਵਾਰ 53 ਰੁਪਏ ਅਤੇ 27 ਰੁਪਏ ਹੈ। ਟੋਨਡ ਦੁੱਧ ਹੁਣ 42 ਰੁਪਏ ਦੀ ਥਾਂ 45 ਰੁਪਏ 'ਚ ਅਤੇ ਡਬਲ ਟੋਨਡ 36 ਰੁਪਏ ਦੀ ਬਜਾਏ 39 ਰੁਪਏ 'ਚ ਮਿਲੇਗਾ। ਅਮੂਲ ਨੇ ਕਿਹਾ ਹੈ ਕਿ ਪਿਛਲੇ ਤਿੰਨ ਸਾਲ ਵਿਚ ਉਸ ਨੇ ਥੈਲੀ ਵਾਲੇ ਦੁੱਧ ਦੀਆਂ ਕੀਮਤਾਂ ਵਿਚ ਸਿਰਫ ਦੋ ਵਾਰ ਬਦਲਾਅ ਕੀਤੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਪਸ਼ੂ ਚਾਰੇ ਦੀਆਂ ਕੀਮਤਾਂ ਵਿਚ 35 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਨੂੰ ਧਿਆਨ ਵਿਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।