
ਔਰਤ ਨੂੰ ਮਰੀਜ਼ ਦੀ ਪਤਨੀ ਸਾਬਤ ਕਰਨ ਲਈ ਤਿਆਰ ਕੀਤੇ ਫ਼ਰਜ਼ੀ ਦਸਤਾਵੇਜ਼
ਫਰੀਦਾਬਾਦ - ਇੱਕ ਔਰਤ ਨੂੰ ਉਸ ਦੇ ਪਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ, ਉਸ ਦੀ ਕਿਡਨੀ ਦਾਨ ਕਰਨ ਲਈ ਉਕਸਾਇਆ ਗਿਆ, ਅਤੇ ਉਸ ਦੀ ਇੱਕ ਕਿਡਨੀ ਕੱਢ ਕੇ ਇੱਕ ਮਰੀਜ਼ ਨੂੰ ਟਰਾਂਸਪਲਾਂਟ ਕਰ ਦਿੱਤੀ ਗਈ।
ਪੁਲਿਸ ਅਨੁਸਾਰ ਜਦੋਂ ਮੁਲਜ਼ਮਾਂ ਨੇ ਔਰਤ ਦੇ ਪਤੀ ਨੂੰ ਕੋਈ ਨੌਕਰੀ ਨਾ ਦਿਵਾਈ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਮਹਿਲਾ ਵੱਲੋਂ ਇਸ ਸੰਬੰਧੀ ਪੁਲਿਸ ਕਮਿਸ਼ਨਰ ਵਿਕਾਸ ਅਰੋੜਾ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਂਚ ਏ.ਸੀ.ਪੀ. ਮਹਿੰਦਰ ਵਰਮਾ ਨੂੰ ਸੌਂਪ ਦਿੱਤੀ ਹੈ।
ਪੁਲਿਸ ਬੁਲਾਰੇ ਅਨੁਸਾਰ ਇਹ ਘਟਨਾ ਸੌਹਦ ਹੋਡਲ ਪਲਵਲ ਦੀ ਰਿੰਕੀ ਸੌਰੋਤ ਨਾਲ ਵਾਪਰੀ, ਜੋ ਆਪਣੇ ਪਤੀ ਨਾਲ ਇੱਥੇ ਬੱਲਭਗੜ੍ਹ ਵਿਖੇ ਰਹਿੰਦੀ ਹੈ।
ਬੁਲਾਰੇ ਅਨੁਸਾਰ ਰਿੰਕੀ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਆਪਣੇ ਪਤੀ ਦੇ ਫੇਸਬੁੱਕ ਅਕਾਊਂਟ 'ਤੇ ਕਿਡਨੀ ਦਾਨ ਕਰਨ ਦੀ ਅਪੀਲ ਵਾਲਾ ਇੱਕ ਇਸ਼ਤਿਹਾਰ ਦੇਖ ਕੇ ਸਹਿਮਤ ਹੋ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਕੁਝ ਲੋਕਾਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਗੁਰਦਾ ਦਾਨ ਕਰਨ ਤੋਂ ਇਨਕਾਰ ਕਰ ਦਿੱਤਾ। ਫ਼ਿਰ ਮੁਲਜ਼ਮਾਂ ਨੇ ਉਸ ਨੂੰ ਉਸ ਦੇ ਪਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਉਹ ਇਸ ਜਾਲ਼ ਵਿੱਚ ਫ਼ਸ ਗਈ।
ਪੁਲਿਸ ਅਨੁਸਾਰ ਰਿੰਕੀ ਦਾ ਗੁਰਦਾ ਦਿੱਲੀ ਦੇ ਵਿਨੋਦ ਮੰਗੋਤਰਾ ਨਾਂਅ ਦੇ ਵਿਅਕਤੀ ਨੂੰ ਟਰਾਂਸਪਲਾਂਟ ਕੀਤਾ ਜਾਣਾ ਸੀ, ਅਤੇ ਨਿਯਮਾਂ ਅਨੁਸਾਰ ਪਰਿਵਾਰ ਦਾ ਕੋਈ ਮੈਂਬਰ ਹੀ ਗੁਰਦਾ ਦਾਨ ਕਰ ਸਕਦਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਵਿਨੋਦ ਦੀ ਪਤਨੀ ਅੰਬਿਕਾ ਦੇ ਨਾਂਅ 'ਤੇ ਰਿੰਕੀ ਦਾ ਫਰਜ਼ੀ ਆਧਾਰ ਕਾਰਡ ਅਤੇ ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਵਾਇਆ।
ਦੋਸ਼ ਹੈ ਕਿ ਬਾਅਦ ਵਿੱਚ ਕਿਊ.ਆਰ.ਜੀ. ਹਸਪਤਾਲ ਨੇ ਪਿੰਕੀ ਦਾ ਇੱਕ ਗੁਰਦਾ ਵਿਨੋਦ ਨੂੰ ਟਰਾਂਸਪਲਾਂਟ ਕਰ ਦਿੱਤਾ। ਔਰਤ ਨੇ ਹਸਪਤਾਲ ਸਟਾਫ਼ 'ਤੇ ਵੀ ਮਿਲੀਭੁਗਤ ਦਾ ਦੋਸ਼ ਲਗਾਇਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਵਿੱਚ ਸੱਚਾਈ ਪਾਈ ਗਈ ਤਾਂ ਐਫ.ਆਈ.ਆਰ. ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਲਾਕੇ ਵਿੱਚ ਕਿਡਨੀ ਟਰਾਂਸਪਲਾਂਟ ਰੈਕੇਟ ਚਲਾ ਰਹੇ ਇੱਕ ਗਿਰੋਹ ਦੇ ਸਰਗਰਮ ਹੋਣ ਦਾ ਵੀ ਖ਼ਦਸ਼ਾ ਪ੍ਰਗਟਾਇਆ।