
ਚੀਕਾਂ ਸੁਣ ਪਹੁੰਚੇ ਟਰੈਕਟਰ ਸਵਾਰਾਂ ਨੇ ਕੀਤਾ ਬਚਾਅ
ਨੋਇਡਾ - ਕੁਝ ਅਣਪਛਾਤੇ ਬਦਮਾਸ਼ਾਂ ਨੇ ਰਬੂਪੁਰਾ ਥਾਣਾ ਖੇਤਰ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੂੰ ਲੁੱਟ ਲਿਆ। ਇਸ ਮਾਮਲੇ ਵਿੱਚ ਲਾਪਰਵਾਹੀ ਲਈ ਥਾਣਾ ਰਬੂਪੁਰਾ ਦੇ ਐਸ.ਐਚ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਹਾਇਕ ਪੁਲੀਸ ਕਮਿਸ਼ਨਰ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਪੁਲਿਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਦੱਸਿਆ ਕਿ ਰਬੂਪੁਰਾ ਥਾਣੇ 'ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦੋ ਦਿਨ ਪਹਿਲਾਂ ਸਕੂਟੀ 'ਤੇ ਸਵਾਰ ਹੋ ਕੇ ਜਾ ਰਹੀ ਸੀ, ਤਾਂ ਕੁਝ ਲੋਕਾਂ ਨੇ ਔਰਤ ਨੂੰ ਫ਼ੜ ਕੇ ਝਾੜੀਆਂ ਵਿੱਚ ਸੁੱਟ ਲਿਆ। ਬਦਮਾਸ਼ਾਂ ਨੇ ਔਰਤ ਨਾਲ ਕੁੱਟਮਾਰ ਮਗਰੋਂ ਉਸ ਨਾਲ ਲੁੱਟਮਾਰ ਕੀਤੀ।
ਦੱਸਿਆ ਗਿਆ ਹੈ ਕਿ ਇੱਕ ਟਰੈਕਟਰ 'ਤੇ ਸਵਾਰ ਕੁਝ ਲੋਕ ਆਏ, ਜਿਹੜੇ ਮਹਿਲਾ ਪੁਲਿਸ ਮੁਲਾਜ਼ਮ ਦੀਆਂ ਚੀਕਾਂ ਸੁਣ ਕੇ ਉੱਥੇ ਪਹੁੰਚੇ ਅਤੇ ਉਸ ਨੂੰ ਬਚਾਇਆ।
ਦੋਸ਼ ਹੈ ਕਿ ਥਾਣਾ ਰਬੂਪੁਰਾ ਦੀ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਬਜਾਏ ਦੋ ਦਿਨ ਤੱਕ ਮਾਮਲੇ ਨੂੰ ਦੱਬ ਕੇ ਰੱਖਿਆ। ਵੀਰਵਾਰ ਨੂੰ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਰਬੂਪੁਰਾ ਦੇ ਥਾਣਾ ਇੰਚਾਰਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਅਤੇ ਸਹਾਇਕ ਪੁਲਿਸ ਕਮਿਸ਼ਨਰ ਤੋਂ ਸਪੱਸ਼ਟੀਕਰਨ ਮੰਗਿਆ।