
ਇਸ ਮਾਮਲੇ ’ਚ ਕੰਪਨੀ-ਪੈਰਾਬੋਲਿਕ ਡਰੱਗਜ਼ ਵਿਰੁਧ ਅਕਤੂਬਰ ’ਚ ਵੀ ਛਾਪੇ ਮਾਰੇ ਗਏ ਸਨ।
ED Raid News: ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਬੈਂਕ ਧੋਖਾਧੜੀ ਮਾਮਲੇ ’ਚ ਚੰਡੀਗੜ੍ਹ ਸਥਿਤ ਇਕ ਦਵਾਈ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਵਿਰੁਧ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਦੀ ਜਾਂਚ ਹੇਠ ਸ਼ੁਕਰਵਾਰ ਨੂੰ ਦਿੱਲੀ-ਐਨ.ਸੀ.ਆਰ. ਅਤੇ ਪੰਜਾਬ ’ਚ ਲਗਭਗ ਇਕ ਦਰਜਨ ਥਾਵਾਂ ’ਤੇ ਛਾਪੇ ਮਾਰੇ। ਇਸ ਮਾਮਲੇ ’ਚ ਕੰਪਨੀ-ਪੈਰਾਬੋਲਿਕ ਡਰੱਗਜ਼ ਵਿਰੁਧ ਅਕਤੂਬਰ ’ਚ ਵੀ ਛਾਪੇ ਮਾਰੇ ਗਏ ਸਨ।
ਕੇਂਦਰੀ ਏਜੰਸੀ ਨੇ ਪਹਿਲਾਂ ਪੈਰਾਬੋਲਿਕ ਡਰੱਗਸ ਦੇ ਪ੍ਰਮੋਟਰਾਂ-ਵਿਨੀਤ ਗੁਪਤਾ (54) ਅਤੇ ਪ੍ਰਣਵ ਗੁਪਤਾ (56) ਅਤੇ ਚਾਰਟਰਡ ਅਕਾਊਂਟੈਂਟ ਸੁਰਜੀਤ ਕੁਮਾਰ ਬੰਸਲ (74) ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐਮ.ਐਲ.ਏ.) ਦੀਆਂ ਸ਼ਰਤਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਨੀਤ ਅਤੇ ਪ੍ਰਣਵ ਗੁਪਤਾ ਹਰਿਆਣਾ ਦੇ ਸੋਨੀਪਤ ਸਥਿਤ ਅਸ਼ੋਕ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਵੀ ਹਨ।
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ 2021 ’ਚ 1626 ਕਰੋੜ ਰੁਪਏ ਦੀ ਬੈਂਕ ਕਰਜ਼ ਧੋਖਾਧੜੀ ’ਚ ਉਨ੍ਹਾਂ ਦੀ ਸ਼ਮੂਲੀਅਤ ਲਈ ਉਨ੍ਹਾਂ ਨੂੰ ਅਤੇ ਕੰਪਨੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਦੋਹਾਂ ਨੇ 2022 ’ਚ ਅਸ਼ੋਕ ਯੂਨੀਵਰਸਿਟੀ ’ਚ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਈ.ਡੀ. ਨੇ ਪਿਛਲੇ ਸਾਲ ਜਨਵਰੀ ’ਚ ਉਨ੍ਹਾਂ ਵਿਰੁਧ ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ ਦਰਜ ਕੀਤਾ ਸੀ। ਏਜੰਸੀ ਨੇ ਅਕਤੂਬਰ ਨੂੰ ਦਸਿਆ ਸੀ ਕਿ ਕੰਪਨੀ ਦੇ ਦੋ ਗ੍ਰਿਫ਼ਤਾਰ ਡਾਇਰੈਕਟਰ ‘ਜਾਅਲੀ ਅਤੇ ਮਨਘੜਤ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਜ਼ ਜਾਂ ਵਿੱਤੀ ਸਹੂਲਤਾਂ ਪ੍ਰਾਪਤ ਕਰ ਕੇ ਬੈਂਕਾਂ ਨੂੰ ਧੋਖਾ ਦੇਣ ’ਚ ਸਰਗਰਮ ਰੂਪ ’ਚ ਸ਼ਾਮਲ ਸਨ।’’
ਏਜੰਸੀ ਨੇ ਕਿਹਾ ਸੀ ਕਿ ਦੋਹਾਂ ਨੇ ‘ਮੁਖੌਟਾ ਕੰਪਨੀਆਂ’ ਦੀਆਂ ਸੇਵਾਵਾਂ ਦਾ ਲਾਭ ਚੁਕਿਆ ਅਤੇ ‘ਸ਼ੁਰੂਆਤੀ ਬੌਂਡ ਦਾ ਮੁੱਖ ਨਾਜਾਇਜ਼ ਰੂਪ ’ਚ ਵਧਾ ਦਿਤਾ, ਜਿਸ ਵਿਰੁਧ ਬੈਂਕ ਵਲੋਂ ਕਢਵਾਉਣ ਦੀ ਇਜਾਜ਼ਤ ਦਿਤੀ ਗਈ ਸੀ।’’ ਏਜੰਸੀ ਨੇ ਦਾਅਵਾ ਕੀਤਾ ਸੀ, ‘‘ਉਨ੍ਹਾਂ ਦੇ ਹੁਕਮ ਅਤੇ ਕੰਟਰਲ ’ਚ, ਪੈਰਾਬੋਲਿਕ ਡਰੱਗਜ਼ ਲਿਮਟਡ ਨੇ ਨਕਲੀ ਅਤੇ ਅਸੰਬੰਧਤ ਮਾਲ ਚਲਾਨ ਜਾਰੀ ਕੀਤੇ ਅਤੇ ਨਾਜਾਇਜ਼ ਰੂਪ ’ਚ ਮੁਖੌਟਾ ਕੰਪਨੀਆਂ ਤੋਂ ਇੰਦਰਾਜ ਪ੍ਰਾਪਤ ਕੀਤੇ।’’
ਇਸ ਨੇ ਕਿਹਾ ਸੀ ਕਿ ਬੰਸਲ ਨੇ ਅਪਣੀ ਚਾਰਟਰਡ ਅਕਾਊਂਟੈਂਸੀ ਫ਼ਰਮ ਐੱਸ.ਕੇ. ਬੰਸਲ ਐਂਡ ਕੰਪਨੀ ਰਾਹੀਂ ‘ਪੈਰਾਬੋਲਿਕ ਡਰੱਗਜ਼ ਲਿਮਟਡ ਨੂੰ ਗ਼ਲਤ ਸਰਟੀਫ਼ੀਕੇਟ ਜਾਰੀ ਕੀਤੇ, ਜਿਨ੍ਹਾਂ ਦਾ ਪ੍ਰਯੋਗ ਬੈਂਕਾਂ ਦੇ ਸਮੂਹ (ਕੰਸੋਰਟੀਅਮ) ਤੋਂ ਕਰਜ਼ ਲੈਣ ’ਚ ਕੀਤਾ ਗਿਆ ਸੀ।’’ ਈ.ਡੀ. ਨੇ ਤਿੰਨ ਦੀ ਹਿਰਾਸਤ ਦੀ ਮੰਗ ਕਰਦਿਆਂ ਅਦਾਲਤ ਨੂੰ ਦਸਿਆ ਸੀ ਕਿ ਉਨ੍ਹਾਂ ਦੀਆਂ ਨਾਜਾਇਜ਼ ਗਤੀਵਿਧੀਆਂ ਅਤੇ ਕਰਜ਼ ਰਕਮ ਦੇ ਦੁਰਉਪਯੋਗ ਨਾਲ ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਹੋਰ ਕੰਸੋਰਟੀਅਮ ਬੈਂਕਾਂ ਨੂੰ 1626.7 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।