
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ 'ਤੇ 'ਸਲਤਨਤ' ਵਾਂਗ ਸ਼ਾਸਨ ਕਰਨ ਅਤੇ ਦੇਸ਼ ਦੀ ਖ਼ੁਸ਼ਹਾਲ ਵਿਰਾਸਤ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਇਆ......
ਬਲਾਂਗੀਰ (ਉੜੀਸਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ 'ਤੇ 'ਸਲਤਨਤ' ਵਾਂਗ ਸ਼ਾਸਨ ਕਰਨ ਅਤੇ ਦੇਸ਼ ਦੀ ਖ਼ੁਸ਼ਹਾਲ ਵਿਰਾਸਤ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਧਨ ਦੀ ਲੁੱਟ ਰੋਕ ਦਿਤੀ ਤਾਂ ਮੈਨੂੰ ਹਟਾਉਣ ਦੀ ਸਾਜ਼ਸ਼ ਕੀਤੀ ਗਈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਖ਼ੁਸ਼ਹਾਲ ਵਿਰਾਸਤ ਨੂੰ ਸਾਂਭਣ ਲਈ ਹੀ ਨਹੀਂ ਸਗੋਂ ਪੁਰਾਣੀ ਪਛਾਣ ਨੂੰ ਆਧੁਨਿਕਤਾ ਨਾਲ ਜੋੜਨ ਲਈ ਵੀ ਪ੍ਰਤੀਬੱਧ ਹੈ।
ਮੋਦੀ ਨੇ ਪਛਮੀ ਏਸ਼ੀਆ ਵਿਚ ਪੈਂਦੇ ਬਲਾਂਗੀਰ ਵਿਚ ਭਾਜਪਾ ਦੀ ਰੈਲੀ ਵਿਚ ਕਿਹਾ, 'ਪਿਛਲੀਆਂ ਸਰਕਾਰਾਂ ਨੇ ਸਲਤਨਤਾਂ ਵਾਂਗ ਸ਼ਾਸਨ ਕੀਤਾ ਅਤੇ ਅਸੀ ਖ਼ੁਸ਼ਹਾਲ ਵਿਰਾਸਤ ਦੀ ਉਮੀਦ ਕੀਤੀ। ਉਨ੍ਹਾਂ ਸਾਡੀ ਮਾਣਮੱਤੀ ਸਭਿਅਤਾ ਦੀ ਅਣਦੇਖੀ ਕੀਤੀ ਅਤੇ ਉਸ ਦੀ ਰਾਖੀ ਵਲ ਧਿਆਨ ਨਹੀਂ ਦਿਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਭਾਰਤ ਦੀ ਪੁਰਾਣੀ ਸੰਪਤੀ ਹੈ ਪਰ ਕੁੱਝ ਲੋਕ ਇਸ ਨੂੰ ਸਮਝੇ ਬਿਨਾਂ ਹੀ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਕੀਮਤੀ ਪ੍ਰਾਚੀਨ ਕਲਾਕ੍ਰਿਤੀਆਂ ਅਤੇ ਮੂਰਤੀਆਂ ਚੋਰੀ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਲਿਜਾਇਆ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੀਮਤੀ ਸੰਪਤੀ ਵਿਦੇਸ਼ ਤੋਂ ਵਾਪਸ ਲਿਆਉਣ ਲਈ ਠੋਸ ਕਦਮ ਚੁੱਕ ਰਹੀ ਹੈ। ਮੋਦੀ ਨੇ ਕਿਹਾ, 'ਪਿਛਲੇ ਚਾਰ ਸਾਲਾਂ ਵਿਚ ਅਜਿਹੀਆਂ ਕਈ ਮੂਰਤੀਆਂ ਵਾਪਸ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫ਼ਰਜ਼ੀ ਦਸਤਾਵੇਜ਼ਾਂ ਜ਼ਰੀਏ 90 ਹਜ਼ਾਰ ਕਰੋੜ ਰਪੁਏ ਦੀ ਲੁੱਟ 'ਤੇ ਰੋਕ ਲਾ ਦਿਤੀ। ਮੋਦੀ ਨੇ ਕਿਹਾ ਕਿ ਚੌਕੀਦਾਰ ਸਰਕਾਰੀ ਧਨ ਲੁੱਟਣ ਵਾਲਿਆਂ ਨੂੰ ਸਜ਼ਾ ਦਿਵਾਉਣ ਮਗਰੋਂ ਹੀ ਆਰਾਮ ਕਰੇਗਾ। (ਏਜੰਸੀ)