
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਅਤੇ ਬਸਪਾ ਕਾਰਕੁਨਾਂ ਨੂੰ ਸਾਰੇ ਮਤਭੇਦ ਭੁਲਾ ਕੇ ਆਗਾਮੀ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ........
ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਅਤੇ ਬਸਪਾ ਕਾਰਕੁਨਾਂ ਨੂੰ ਸਾਰੇ ਮਤਭੇਦ ਭੁਲਾ ਕੇ ਆਗਾਮੀ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦੇ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ-ਬਸਪਾ ਉਮੀਦਵਾਰਾਂ ਦੀ ਜਿੱਤ ਹੀ ਉਨ੍ਹਾਂ ਲਈ ਜਨਮਦਿਨ ਦਾ ਤੋਹਫ਼ਾ ਹੈ। ਮਾਇਆਵਤੀ ਨੇ ਅਪਣੇ 63ਵੇਂ ਜਨਮਦਿਨ ਮੌਕੇ ਭਾਜਪਾ ਅਤੇ ਕਾਂਗਰਸ 'ਤੇ ਤਾਬੜਤੋੜ ਹਮਲਾ ਕਰਦਿਆਂ ਹਰ ਮੁੱਦਾ ਚੁਕਿਆ।
ਉਨ੍ਹਾਂ ਕਾਂਗਰਸ 'ਤੇ ਕਰਜ਼ਾ ਮਾਫ਼ੀ ਵਿਰੁਧ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਗ਼ਰੀਬ ਕਿਸਾਨਾਂ ਲਈ ਕਰਜ਼ਾ ਮਾਫ਼ੀ ਦੀ ਯੋਜਨਾ ਬੇਕਾਰ ਹੈ। ਉਨ੍ਹਾਂ ਮੁਸਲਮਾਨਾਂ ਲਈ ਵੀ ਆਰਥਕ ਰਾਖਵਾਂਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕੁੱਝ ਥਾਵਾਂ 'ਤੇ ਉਨ੍ਹਾਂ ਜੁੰਮੇ ਦੀ ਨਮਾਜ਼ ਪੜ੍ਹਨ ਦਾ ਮੁੱਦਾ ਵੀ ਉਠਾਇਆ। ਪੱਤਰਕਾਰ ਸੰਮੇਲਨ ਮਗਰੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਮਾਇਆਵਤੀ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਜਨਮਦਿਨ ਦੀ ਵਧਾਈ ਦਿਤੀ।
ਇਸ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿਚ ਬਸਪਾ ਆਗੂ ਨੇ ਯਾਦਵ ਵਿਰੁਧ ਸੀਬੀਆਈ ਵਰਤੇ ਜਾਣ ਦੀ ਨਿਖੇਧੀ ਕੀਤੀ। ਮਾਇਅਵਾਤੀ ਨੇ ਅਪਣੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਪੁਰਾਣੇ ਮਤਭੇਦ ਭੁਲਾ ਦੇਣ ਅਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਸਮਾਜਵਾਦੀ ਅਤੇ ਬਸਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਕਰਨ। (ਏਜੰਸੀ)