
ਨਮੂਨੇ ਫੇਲ੍ਹ ਹੋਣ ਕਾਰਨ ਸਰਕਾਰ ਨੇ ਲਿਆ ਫ਼ੈਸਲਾ
Ban on Cotton candy: ਸਿਹਤ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿਚ ਕਾਟਨ ਕੈਂਡੀ ਬਣਾਉਣ ਅਤੇ ਵੇਚਣ 'ਤੇ ਪਾਬੰਦੀ ਲਗਾ ਦਿਤੀ ਹੈ। ਇਹ ਫੈਸਲਾ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਦੇ ਨਮੂਨੇ ਸੋਲਨ, ਸ਼ਿਮਲਾ, ਬਿਲਾਸਪੁਰ ਅਤੇ ਹੋਰ ਸ਼ਹਿਰਾਂ ਤੋਂ ਲਏ ਗਏ ਸਨ।
ਇਸ ਵਿਚ ਹਾਨੀਕਾਰਕ ਕੈਮੀਕਲ ਪਾਏ ਗਏ ਹਨ। 20 ਫਰਵਰੀ ਨੂੰ ਸੋਲਨ ਸ਼ਹਿਰ ਤੋਂ ਸੱਤ ਨਮੂਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਨੂੰ ਜਾਂਚ ਲਈ ਸੀਟੀਐਲ ਕੰਡਾਘਾਟ ਭੇਜਿਆ ਗਿਆ ਸੀ। ਕੈਂਡੀ ਵਿਚ ਰੋਡਾਮਾਈਨ-ਬੀ ਕੈਮੀਕਲ ਹੁੰਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਸਰਕਾਰ ਨੇ ਸਬੰਧਤ ਵਿਕਰੇਤਾਵਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।
ਨਗਰ ਨਿਗਮ ਦੇ ਫੂਡ ਸੇਫਟੀ ਵਿਭਾਗ ਨੇ ਗੁਲਾਬੀ, ਸੰਤਰੀ, ਜਾਮਣੀ, ਪੀਲੇ, ਸਮੁੰਦਰੀ ਹਰੇ, ਚਿੱਟੇ ਅਤੇ ਹਰੇ-ਵਾਇਲੇਟ ਮਿਕਸ ਕਾਟਨ ਕੈਂਡੀ ਦੇ ਸੈਂਪਲ ਲਏ ਸਨ। ਜਾਣਕਾਰੀ ਮਿਲੀ ਸੀ ਕਿ ਕਾਟਨ ਕੈਂਡੀ ਨੂੰ ਗੁਲਾਬੀ ਰੰਗ ਦੇਣ ਲਈ ਰੋਡਾਮਾਈਨ-ਬੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ਵਿਚ ਰੋਡਾਮਾਈਨ-ਬੀ ਦੀ ਵਰਤੋਂ ਦੀ ਮਨਾਹੀ ਹੈ। ਸਿਹਤ ਸਕੱਤਰ ਐੱਮ. ਸੁਧਾ ਨੇ ਦਸਿਆ ਕਿ ਸੂਬੇ 'ਚ ਕਾਟਨ ਕੈਂਡੀ ਨੂੰ ਵੇਚਣ ਅਤੇ ਬਣਾਉਣ 'ਤੇ ਪਾਬੰਦੀ ਲਗਾਈ ਗਈ ਹੈ।
(For more Punjabi news apart from Ban on Cotton candy in himachal pradesh, stay tuned to Rozana Spokesman)