
207 ਜ਼ਿਲ੍ਹਿਆਂ ਦੀ ਵੀ ਪਛਾਣ ਜਿਹੜੇ 'ਹਾਟਸਪਾਟ' ਬਣ ਸਕਦੇ ਹਨ
ਨਵੀਂ ਦਿੱਲੀ, 15 ਅਪ੍ਰੈਲ: ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਬਹੁਤਾਤ ਵਾਲੇ 170 ਹਾਟਸਪਾਟ ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ। ਇਸ ਤੋਂ ਇਲਾਵਾ ਲਾਗ ਦੇ ਅਸਰ ਵਾਲੇ 207 ਅਜਿਹੇ ਜ਼ਿਲ੍ਹੇ ਵੀ ਐਲਾਨੇ ਗਏ ਹਨ ਜਿਥੇ ਹਾਟਸਪਾਟ ਤਾਂ ਨਹੀਂ ਪਰ ਲਾਗ ਦੀ ਵਾਧਾ ਦਰ ਨੂੰ ਵੇਖਦਿਆਂ ਇਹ ਜ਼ਿਲ੍ਹੇ ਸੰਭਾਵੀ ਹਾਟਸਪਾਟ ਦੀ ਸ਼੍ਰੇਣੀ ਵਿਚ ਰੱਖੇ ਜਾ ਸਕਦੇ ਹਨ।
ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਕੋਰੋਨਾ ਵਾਇਰਸ ਸੰਕਟ ਨਾਲ ਸਿੱਝਣ ਲਈ ਤਾਲਾਬੰਦੀ ਦੀ ਮਿਆਦ ਵਧਾਏ ਜਾਣ ਮਗਰੋਂ ਸਰਕਾਰ ਦੀ ਆਗਾਮੀ ਰਣਨੀਤੀ ਦਾ ਪ੍ਰਗਟਾਵਾ ਕਰਦਿਆਂ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 20 ਅਪ੍ਰੈਲ ਤਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ ਕੋਰੋਨਾ ਲਾਗ ਨੂੰ ਰੋਕਣ ਦੇ ਤਰੀਕਿਆਂ ਦੀ ਸਖ਼ਤੀ ਨਾਲ ਪਾਲਣਾ ਅਤੇ ਵਿਸ਼ਲੇਸ਼ਣ ਯਕੀਨੀ ਕੀਤਾ ਜਾਵੇਗਾ। ਅਗਰਵਾਲ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਸੱਭ ਤੋਂ ਵੱਧ ਲਾਗ ਪ੍ਰਭਾਵਤ ਇਲਾਕਿਆਂ ਵਿਚ ਮਰੀਜ਼ਾਂ ਦੀ ਫ਼ੌਰੀ ਪਛਾਣ ਕਰਨ ਲਈ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ।
File photo
ਜ਼ਿਲ੍ਹੇ ਦੇ ਸਿਹਤ ਅਤੇ ਮਾਲੀਆ ਵਿਭਾਗ ਦੇ ਅਧਿਕਾਰੀ ਘਰ ਘਰ ਜਾ ਕੇ ਖੰਘ, ਜ਼ੁਕਾਮ, ਬੁਖ਼ਾਰ ਅਤੇ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਦੀ ਪਛਾਣ ਕਰ ਕੇ ਇਹ ਯਕੀਨੀ ਕਰਨਗੇ ਕਿ ਇਨ੍ਹਾਂ ਅੰਦਰ ਕੋਰੋਨਾ ਵਾਇਰਸ ਦੀ ਲਾਗ ਤਾਂ ਨਹੀਂ। ਉਨ੍ਹਾਂ ਦਸਿਆ ਕਿ ਇਨ੍ਹਾਂ 170 ਜ਼ਿਲ੍ਹਿਆਂ ਵਿਚ ਲਾਗ ਵਾਲੇ ਇਲਾਕਿਆਂ ਵਿਚ ਮੁਹਿੰਮ ਚਲਾਉਣ 'ਤੇ ਵੀ ਜ਼ੋਰ ਦਿਤਾ ਗਿਆ ਹੈ। ਅਗਰਵਾਲ ਨੇ ਦੇਸ਼ ਵਿਚ ਕਮਿਊਨਿਟੀ ਪੱਧਰ 'ਤੇ ਕੋਰੋਨਾ ਵਾਇਰਸ ਦੀ ਲਾਗ ਫੈਲਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੀੜਤ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਧ ਰਹੀ ਹੈ ਅਤੇ ਇਹ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਪਿਛਲੇ ਕੁੱਝ ਦਿਨਾਂ ਵਿਚ ਵੱਧ ਕੇ 11.4 ਫ਼ੀ ਸਦੀ ਹੋ ਗਈ ਹੈ। (ਏਜੰਸੀ)
ਚੰਡੀਗੜ੍ਹ ਤੇ ਮੋਹਾਲੀ ਵੀ ਬਣੇ ਹਾਟਸਪਾਟ
ਸਿਹਤ ਮੰਤਰਾਲੇ ਨੇ ਕੇਸਾਂ ਦੇ ਆਧਾਰ 'ਤੇ ਜ਼ਿਲ੍ਹਿਆਂ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡਿਆ ਹੈ। ਰੈੱਡ ਜ਼ੋਨ ਜਿਥੇ ਮਹਾਮਾਰੀ ਜ਼ਿਆਦਾ ਫੈਲੀ ਹੈ, ਦੀ ਗਿਣਤੀ 123 ਹੈ। ਇਨ੍ਹਾਂ ਵਿਚ ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਉੜੀਸਾ ਅਤੇ ਉਤਰਾਖੰਡ ਦਾ ਇਕ ਇਕ ਜ਼ਿਲ੍ਹਾ, ਪੰਜਾਬ, ਹਰਿਆਣਾ, ਪਛਮੀ ਬੰਗਾਲ ਦੇ ਚਾਰ ਚਾਰ ਜ਼ਿਲ੍ਹੇ, ਕਰਨਾਟਕ ਦੇ ਤਿੰਨ ਜ਼ਿਲ੍ਹੇ, ਗੁਜਰਾਤ ਦੇ ਪੰਜ ਪੰਜ ਜ਼ਿਲ੍ਹੇ, ਜੰਮੂ ਕਸ਼ਮੀਰ ਅਤੇ ਕੇਰਲਾ ਦੇ 6-6 ਜ਼ਿਲ੍ਹੇ, ਤੇਲੰਗਾਨਾ ਦੇ 8 ਜ਼ਿਲ੍ਹੇ, ਦਿੱਲੀ ਅਤੇ ਯੂਪੀ ਦੇ 9 ਜ਼ਿਲ੍ਹੇ, ਮਹਾਰਾਸ਼ਟਰ, ਆਂਧਰਾ ਅਤੇ ਰਾਜਸਥਾਨ ਦੇ 11-11 ਜ਼ਿਲ੍ਹੇ, ਤਾਮਿਲਨਾਡੂ ਦੇ ਸੱਭ ਤੋਂ ਜ਼ਿਆਦਾ 22 ਜ਼ਿਲ੍ਹੇ ਸ਼ਾਮਲ ਹਨ। ਪੰਜਾਬ ਦੇ ਜ਼ਿਲ੍ਹਾ ਮੋਹਾਲੀ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਪਠਾਨਕੋਟ ਨੂੰ ਰੈੱਡ ਜ਼ੋਨ ਐਲਾਨਿਆ ਗਿਆ ਹੈ।
ਕਿਹੜੇ ਜ਼ਿਲ੍ਹੇ ਮੰਨੇ ਜਾਣਗੇ ਹਾਟਸਪਾਟ?
ਅਗਰਵਾਲ ਨੇ ਕਿਹਾ ਕਿ ਉਨ੍ਹਾਂ ਸਾਰੇ ਜ਼ਿਲ੍ਹਿਆਂ ਨੂੰ ਹਾਟਸਪਾਟ ਮੰਨਿਆ ਜਾਵੇਗਾ ਜਿਨ੍ਹਾਂ ਦੇ ਕਿਸੇ ਇਲਾਕੇ ਵਿਚ ਲਾਗ ਦੀ ਦਰ ਜ਼ਿਆਦਾ ਹੈ ਜਾਂ ਮਰੀਜ਼ਾਂ ਦੀ ਵਾਧਾ ਦਰ ਦੁਗਣੀ ਹੋ ਗਈ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਲਾਗ ਦੀ ਵਾਧਾ ਦਰ ਮੁਕਾਬਲਤਨ ਘੱਟ ਦਿਸੀ ਹੈ, ਉਨ੍ਹਾਂ ਨੂੰ ਸੰਭਾਵੀ ਹਾਟਸਪਾਟ ਦੀ ਸ਼੍ਰੇਣੀ ਵਾਲੇ ਜ਼ਿਲ੍ਹਿਆਂ ਵਿਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਿਆਂ ਵਿਚ ਸਥਾਨਕ ਪੱਧਰ 'ਤੇ ਵੀ ਲਾਗ ਨੂੰ ਰੋਕਣ ਵਾਸਤੇ ਅਜਿਹੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਘੱਟੋ ਘੱਟ 15 ਮਰੀਜ਼ ਹਨ।