
ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰਐਸਐਸ ’ਤੇ ਦੇਸ਼ ਵਿਚ ਨਫ਼ਰਤ ਫੈਲਾਉਣ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰਐਸਐਸ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰਐਸਐਸ ’ਤੇ ਦੇਸ਼ ਵਿਚ ਨਫ਼ਰਤ ਫੈਲਾਉਣ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦਾ ਅਸਲੀ ਸੱਭਿਆਚਾਰ ਵੱਖ-ਵੱਖ ਭਾਈਚਾਰਿਆਂ ਵਿਚ ਏਕਤਾ ਦਾ ਸੰਦੇਸ਼ ਦਿੰਦਾ ਹੈ ਪਰ ਆਰਐਸਐਸ ਦੀ ਨਫ਼ਰਤ ਦੀ ਰਾਜਨੀਤੀ ਕਾਰਨ ਇਸ ਦੀ ਕੀਮਤ ਹਰ ਭਾਰਤੀ ਨੂੰ ਚੁਕਾਉਣੀ ਪੈਂਦੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਭਾਜਪਾ-ਆਰਐਸਐਸ ਵੱਲੋਂ ਭੜਕਾਈ ਨਫ਼ਰਤ ਦੀ ਕੀਮਤ ਹਰ ਭਾਰਤੀ ਚੁਕਾ ਰਿਹਾ ਹੈ। ਭਾਰਤ ਦਾ ਅਸਲ ਸੱਭਿਆਚਾਰ ਸਾਂਝੇ ਜਸ਼ਨਾਂ, ਭਾਈਚਾਰਕ ਅਤੇ ਇਕਸੁਰ ਰਹਿਣ ਦਾ ਸੰਦੇਸ਼ ਦਿੰਦਾ ਹੈ। ਆਓ ਇਸ ਨੂੰ ਸੰਭਾਲਣ ਦਾ ਪ੍ਰਣ ਲਈਏ”।
ਅਪਣੇ ਟਵੀਟ ਦੇ ਨਾਲ ਰਾਹੁਲ ਗਾਂਧੀ ਨੇ ਅਖ਼ਵਾਰ ਵਿਚ ਛਪਿਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇਕ ਲੇਖ ਵੀ ਸਾਂਝਾ ਕੀਤਾ। ਇਸ ਵਿਚ ਸੋਨੀਆ ਗਾਂਧੀ ਨੇ ਲਿਖਿਆ ਕਿ ਅੱਜ ਸਾਡੇ ਦੇਸ਼ ਵਿਚ ਨਫ਼ਰਤ, ਕੱਟੜਤਾ, ਅਸਹਿਣਸ਼ੀਲਤਾ ਅਤੇ ਝੂਠ ਦਾ ਬੋਲਬਾਲਾ ਹੈ। ਜੇਕਰ ਅਸੀਂ ਹੁਣੇ ਇਸ ਨੂੰ ਨਹੀਂ ਰੋਕਿਆ ਤਾਂ ਆਉਣ ਵਾਲੇ ਸਮੇਂ ਵਿਚ ਇੰਨਾ ਨੁਕਸਾਨ ਹੋਵੇਗਾ ਕਿ ਅਸੀਂ ਇਸ ਦੀ ਭਰਪਾਈ ਨਹੀਂ ਕਰ ਸਕਾਂਗੇ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ''ਡਰ, ਧੋਖਾ ਅਤੇ ਧਮਕਾਉਣਾ ਇਸ ਅਖੌਤੀ 'ਵੱਧ ਤੋਂ ਵੱਧ ਸ਼ਾਸਨ, ਘੱਟੋ-ਘੱਟ ਸਰਕਾਰ' ਦੀ ਰਣਨੀਤੀ ਦੇ ਥੰਮ ਬਣ ਗਏ ਹਨ। ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਬਹਿਸ, ਚਰਚਾ ਅਤੇ ਗੱਲਬਾਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਸੋਨੀਆ ਗਾਂਧੀ ਦਾ ਦਾਅਵਾ ਹੈ, "ਇਸ ਦੇਸ਼ ਨੇ ਪਹਿਲਾਂ ਕਦੇ ਅਜਿਹੀ ਨਫ਼ਰਤ ਨਹੀਂ ਦੇਖੀ।" ਸੋਨੀਆ ਗਾਂਧੀ ਨੇ ਕਿਹਾ, "ਉਹ ਕਿਹੜੀ ਚੀਜ਼ ਹੈ ਜੋ ਪ੍ਰਧਾਨ ਮੰਤਰੀ ਨੂੰ ਨਫ਼ਰਤ ਭਰੇ ਭਾਸ਼ਣ ਦੇ ਖਿਲਾਫ ਸਪੱਸ਼ਟ ਅਤੇ ਜਨਤਕ ਤੌਰ 'ਤੇ ਸਟੈਂਡ ਲੈਣ ਤੋਂ ਰੋਕਦੀ ਹੈ, ਭਾਵੇਂ ਇਹ ਕਿਥੋਂ ਵੀ ਆਇਆ ਹੋਵੇ?"