
ਛੇਤੀ ਹੀ ਨਿਆਂ ਦਿਵਾਉਣ ਦਾ ਦਿਤਾ ਭਰੋਸਾ
ਜੈਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਥਾਨਾਗਾਜੀ ਪਹੁੰਚੇ ਅਤੇ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਔਰਤ ਅਤੇ ਉਸ ਦੇ ਪਰਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ 'ਬਰਦਾਸ਼ਤ' ਨਹੀਂ ਕੀਤਾ ਜਾਵੇਗਾ ਅਤੇ ਪੀੜਤਾਂ ਨੂੰ ਜਲਦ ਹੀ ਨਿਆਂ ਮਿਲੇਗਾ। ਰਾਹੁਲ ਸਵੇਰੇ ਹੈਲੀਕਾਪਟਰ ਰਾਹੀਂ ਅਲਵਰ ਅਤੇ ਉਥੋਂ ਥਾਨਾਗਾਜੀ ਪਹੁੰਚੇ। ਉਹ ਲਗਭਗ 15 ਮਿੰਟ ਤਕ ਪੀੜਤ ਅਤੇ ਉਸ ਦੇ ਪਰਵਾਰ ਨਾਲ ਰਹੇ ਅਤੇ ਜਲਦ ਹੀ ਨਿਆਂ ਦਾ ਭਰੋਸਾ ਦਿਤਾ। ਰਾਹੁਲ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਸਨ।
Alwar gang rape
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਿਆਇਕ ਪ੍ਰਕਿਰਿਆ ਦੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਵੇਗੀ। ਮੋਦੀ ਵਲੋਂ ਅਪਣੀਆਂ ਰੈਲੀਆਂ ਵਿਚ ਇਸ ਮੁੱਦੇ ਨੂੰ ਵਾਰ-ਵਾਰ ਚੁੱਕੇ ਜਾਣ ਦੇ ਸਵਾਲ 'ਤੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤਰ੍ਹਾਂ ਸਿਆਸਤ ਨਹੀਂ ਕਰਦੀ ਹੈ। ਉਨ੍ਹਾਂ ਨੇ ਕਿਹਾ,''ਇਹ ਮੁੱਦਾ ਮੇਰੇ ਲਈ ਸਿਆਸੀ ਨਹੀਂ ਹੈ। ਇਹ ਮੇਰੇ ਲਈ ਭਾਵਨਾਤਮਕ ਮਾਮਲਾ ਹੈ। ਮੈਂ ਇੱਥੇ ਰਾਜਨੀਤੀ ਕਰਨ ਨਹੀਂ ਆਇਆ ਸਗੋਂ ਪੀੜਤਾ ਨਾਲ ਮੁਲਾਕਾਤ ਕਰਨ ਆਇਆ ਹਾਂ।''
Rahul Gandhi
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਇਸ ਮਾਮਲੇ 'ਚ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ, ''ਪ੍ਰਧਾਨ ਮੰਤਰੀ ਜਿਸ ਤਰ੍ਹਾਂ ਝੂਠ ਬੋਲਦੇ ਹਨ, ਦੇਸ਼ ਲਈ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ?'' ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੀੜਤਾ ਨੂੰ ਸਰਕਾਰੀ ਨੌਕਰੀ ਦੇਣ ਅਤੇ ਅਲਵਰ ਜ਼ਿਲ੍ਹੇ ਵਿਚ ਦੋ ਉਚ ਪੁਲਿਸ ਅਧਿਕਾਰੀ ਲਗਾਉਣ ਸਣੇ ਕਈ ਹੋਰ ਫ਼ੈਸਲੇ ਵੀ ਕੀਤੇ ਹਨ। ਰਾਹੁਲ ਨੇ ਕਿਹਾ,''ਜਿਵੇਂ ਹੀ ਮੈਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਮੈਂ ਅਸ਼ੋਕ ਗਹਿਲੋਤ ਨਾਲ ਗੱਲ ਕੀਤੀ। ਮੇਰੇ ਲਈ ਇਹ ਸਿਆਸੀ ਮੁੱਦਾ ਨਹੀਂ ਹੈ। ਮੈਂ ਪੀੜਤ ਪਰਵਾਰ ਨੂੰ ਮਿਲਿਆ। ਉਨ੍ਹਾਂ ਨੇ ਨਿਆਂ ਦੀ ਮੰਗ ਕੀਤੀ। ਉਨ੍ਹਾਂ ਨਾਲ ਨਿਆਂ ਕੀਤਾ ਜਾਵੇਗਾ। ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।''
Rape Case
ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤਾ ਨੇ ਕਿਹਾ ਕਿ ਰਾਹੁਲ ਗਾਂਧੀ ਪਰਵਾਰ ਦੇ ਮੈਂਬਰ ਦੀ ਤਰ੍ਹਾਂ ਮਿਲੇ। ਪੀੜਤਾ ਨੇ ਕਿਹਾ,''ਰਾਹੁਲ ਨੇ ਸਾਡੇ ਨਾਲ ਮੁਲਾਕਾਤ ਕੀਤੀ। ਸਾਡੀਆਂ ਗੱਲਾਂ ਸੁਣੀਆਂ। ਅਸੀਂ ਜੋ-ਜੋ ਮੰਗ ਰੱਖੀ ਸੀ, ਰਾਹੁਲ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੂਰੀ ਕਰਨ ਲਈ ਕਿਹਾ ਹੈ। ਰਾਹੁਲ ਅਤੇ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ। ਰਾਹੁਲ ਠਕੀ ਕਹਿ ਰਹੇ ਹਨ। ਉਹ ਸਾਡੇ ਘਰ ਦੇ ਮੈਂਬਰ ਦੀ ਤਰ੍ਹਾਂ ਮਿਲੇ ਹਨ।''
Rahul Gandhi
ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਅਲਵਰ ਵਿਚ ਇਕ 19 ਸਾਲਾ ਦਲਿਤ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ 26 ਅਪ੍ਰੈਲ ਨੂੰ ਸਮੂਹਿਕ ਬਲਾਤਕਾਰ ਹੋਇਆ ਸੀ। ਕੁਝ ਲੋਕਾਂ ਨੇ ਥਾਨਾਗਾਜੀ-ਅਲਵਰ ਰੋਡ 'ਤੇ ਮੋਟਰ ਸਾਈਕਲ 'ਤੇ ਜਾ ਰਹੇ ਦਲਿਤ ਜੋੜੇ ਨੂੰ ਰੋਕਿਆ ਅਤੇ ਪਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਪਤੀ ਦੇ ਸਾਹਮਣੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਇਕ ਦੋਸ਼ੀ ਨੇ ਉਸ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤਾ ਸੀ। ਘਟਨਾ ਦੇ ਬਾਅਦ ਤੋਂ ਰਾਜਸਥਾਨ ਪੁਲਸ 'ਤੇ ਲਾਪਰਵਾਹੀ ਦੇ ਦੋਸ਼ ਲੱਗਦੇ ਰਹੇ।