ਪੈਸੇ ਦੀ ਕਮੀ ਨਾਲ ਜੂਝ ਰਹੇ ਅਯੋਧਿਆ ਮਸਜਿਦ ਟਰੱਸਟ ਨੇ ਬਦਲੀ ਰਣਨੀਤੀ, ਹੁਣ ਟੁਕੜਿਆਂ ’ਚ ਕਰਵਾਏਗੀ ਕੰਮ
Published : Jul 16, 2023, 3:30 pm IST
Updated : Jul 16, 2023, 3:30 pm IST
SHARE ARTICLE
 Ayodhya Masjid Trust, which is struggling with lack of money, has changed its strategy
Ayodhya Masjid Trust, which is struggling with lack of money, has changed its strategy

ਮਸਜਿਦ ਦੀ ਉਸਾਰੀ ਨੂੰ ਪਹਿਲ ਦੇ ਰਿਹੈ ਟਰੱਸਟ

 

ਲਖਨਊ: ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ ’ਚ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਅਯੋਧਿਆ ਦੇ ਧਨੀਪੁਰ ’ਚ ਮਿਲੀ ਜ਼ਮੀਨ ’ਤੇ ਮਸਜਿਦ, ਹਸਪਤਾਲ ਅਤੇ ਭਾਈਚਾਰਕ ਰਸੋਈ ਸਮੇਤ ਇਕ ਵਿਸ਼ਾਲ ਪ੍ਰਾਜੈਕਟ ਦੀ ਉਸਾਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ‘ਇੰਡੋ-ਇਸਲਾਮਿਕ ਕਲਚਰਲ ਫ਼ਾਊਂਡੇਸ਼ਨ ਟਰੱਸਟ’ ਨੇ ਪੈਸੇ ਦੀ ਕਮੀ ਕਾਰਨ ਅਪਣੀ ਰਣਨੀਤੀ ’ਚ ਬਦਲਾਅ ਕੀਤਾ ਹੈ।

‘ਇੰਡੋ-ਇਸਲਾਮਿਕ ਕਲਚਰਲ ਫ਼ਾਊਂਡੇਸ਼ਨ ਟਰੱਸਟ’ ਦੇ ਸਕੱਤਰ ਅਤੇ ਬੁਲਾਰੇ ਅਤਹਰ ਹੁਸੈਨ ਨੇ ਐਤਵਾਰ ਨੂੰ ਖ਼ਬਰ ਏਜੰਸੀ ‘ਪੀਟੀਆਈ’ ਨੂੰ ਦਸਿਆ, ‘‘ਪੈਸੇ ਦੀ ਕਮੀ ਕਾਰਨ ਅਜੇ ਅਸੀਂ ਪ੍ਰਾਜੈਕਟ ਨੂੰ ਰੋਕਿਆ ਹੋਇਆ ਹੈ। ਇਸ ਮੁਸ਼ਕਿਲ ਦੇ ਬਾਵਜੂਦ ਅਸੀਂ ਇਸ ਪ੍ਰਾਜੈਕਟ ਨੂੰ ਬੰਦ ਨਹੀਂ ਕਰਾਂਗੇ, ਬਲਕਿ ਰਣਨੀਤੀ ’ਚ ਬਦਲਾਅ ਕਰਦਿਆਂ ਉਸ ਨੂੰ ਛੋਟੇ-ਛੋਟੇ ਹਿੱਸਿਆਂ ’ਚ ਵੰਡ ਕੇ ਕੰਮ ਕਰਾਂਗੇ।’’

ਹੁਸੈਨ ਨੇ ਕਿਹਾ, ‘‘ਹੁਣ ਅਸੀਂ ਹਸਪਤਾਲ ਦੀ ਬਜਾਏ ਸਭ ਤੋਂ ਪਹਿਲਾਂ ਨਵੇਂ ਸਿਰੇ ਤੋਂ ਮਸਜਿਦ ਦਾ ਨਕਸ਼ਾ ਅਯੋਧਿਆ ਵਿਕਾਸ ਅਥਾਰਟੀ ’ਚ ਜਮ੍ਹਾਂ ਕਰਾਵਾਂਗੇ। ਮਸਜਿਦ ਦੀ ਉਸਾਰੀ ’ਚ ਮੁਕਾਬਲਤਨ ਕਾਫ਼ੀ ਪੈਸਾ ਖ਼ਰਚ ਹੋਵੇਗਾ, ਜਿਸ ਦਾ ਇੰਤਜ਼ਾਮ ਕਰਨਾ ਆਸਾਨ ਰਹੇਗਾ।’’ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਮਸਜਿਦ ਬਣਾਵਾਂਗੇ, ਕਿਉਂਕਿ ਮਸਜਿਦ ਬਹੁਤ ਛੋਟੀ ਹੈ ਅਤੇ ਹਰ ਆਦਮੀ ਇਸ ਪ੍ਰਾਜੈਕਟ ਨੂੰ ਮਸਜਿਦ ਦੇ ਨਾਂ ਨਾਲ ਹੀ ਜਾਣਦਾ ਹੈ। ਇਸ ਲਈ ਟਰੱਸਟ ਹੁਣ ਮਸਜਿਦ ਦੀ ਉਸਾਰੀ ਨੂੰ ਪਹਿਲ ਦੇ ਰਿਹਾ ਹੈ।’’

ਹੁਸੈਨ ਨੇ ਕਿਹਾ, ‘‘ਮਸਜਿਦ ਉਸਾਰੀ ਦੀ ਲਾਗਤ ਇਸ ਪੂਰੇ ਪ੍ਰਾਜੈਕਟ ਦੀ ਕੁਲ ਲਾਗਤ ਦਾ ਪੰਜ ਫ਼ੀ ਸਦੀ ਹਿੱਸਾ ਵੀ ਨਹੀਂ ਹੈ। ਲਗਭਗ 15 ਹਜ਼ਾਰ ਵਰਗ ਫੁੱਟ ਇਲਾਕੇ ’ਤੇ ਬਣਨ ਵਾਲੀ ਇਸ ਮਸਜਿਦ ਦੀ ਉਸਾਰੀ ’ਤੇ ਅੱਠ ਤੋਂ 10 ਕਰੋੜ ਰੁਪਏ ਖ਼ਰਚ ਹੋਣਗੇ। ਮਸਜਿਦ ਦੀ ਬਿਜਲੀ ਸਬੰਧੀ ਜ਼ਰੂਰਤਾਂ ਸੂਰਜੀ ਪੈਨਨ ਨਾਲ ਹੋਣਗੀਆਂ, ਜੋ ਇਸ ਦੇ ਗੁੰਬਦ ’ਤੇ ਲਾਏ ਜਾਣਗੇ।’’

ਉਨ੍ਹਾਂ ਕਿਹਾ, ‘‘ਸਾਡੀ ਯੋਜਨਾ ਸੀ ਕਿ ਮਸਜਿਦ ਤੋਂ ਪਹਿਲਾਂ ਹਸਪਤਾਲ ਦੀ ਉਸਾਰੀ ਕੀਤੀ ਜਾਵੇ, ਪਰ ਇਹ 300 ਕਰੋੜ ਰੁਪਏ ਦਾ ਪ੍ਰਾਜੈਕਟ ਹੈ। ਜਿੱਥੇ ਮਸਜਿਦ ਦੀ ਉਸਾਰੀ ਹੋਣੀ ਹੈ, ਉਥੇ ਪਹਿਲਾਂ ਹੀ ਕਈ ਮਸਜਿਦਾਂ ਹਨ। ਅਜਿਹੇ ’ਚ ਸਾਡੀ ਸੋਚ ਸੀ ਕਿ ਪਹਿਲਾਂ ਇਕ ਚੈਰਿਟੀ ਹਸਪਤਾਲ ਅਤੇ ਭਾਈਚਾਰਕ ਰਸੋਈ ਬਣਾਈ ਜਾਵੇ, ਪਰ ਇਨ੍ਹਾਂ ਪ੍ਰਾਜੈਕਟਾਂ ਲਈ ਬਹੁਤ ਵੱਡੀ ਰਕਮ ਦੀ ਜ਼ਰੂਰਤ ਹੈ, ਜੋ ਅਜੇ ਟਰੱਸਟ ਕੋਲ ਨਹੀਂ ਹੈ।’’

9 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਅਯੋਧਿਆ ਦੇ ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ ’ਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਵਿਵਾਦਤ ਜ਼ਮੀਨ ਨੂੰ ਮੰਦਰ ਉਸਾਰੀ ਲਈ ਦੇਣ ਅਤੇ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਲਈ ਅਯੋਧਿਆ ’ਚ ਹੀ ਪੰਜ ਏਕੜ ਜ਼ਮੀਨ ਮੁਹਈਆ ਕਰਵਾਉਣ ਦਾ ਹੁਕਮ ਦਿਤਾ ਸੀ।
ਹੁਕਮ ਦੀ ਪਾਲਣਾ ਕਰਦਿਆਂ ਅਯੋਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ ਅਯੋਧਿਆ ਦੀ ਸੋਹਾਵਲ ਤਹਿਸੀਲ ਸਥਿਤ ਧਨੀਪੁਰ ਪਿੰਡ ’ਚ ਜ਼ਮੀਨ ਮੁਹਈਆ ਕਰਵਾਈ ਗਈ ਸੀ। ਮਸਜਿਦ ਉਸਾਰੀ ਲਈ ਵਕਫ਼ ਬੋਰਡ ਨੇ ਜੁਲਾਈ, 2020 ’ਚ ‘ਇੰਡੋ ਇਸਲਾਮਿਕ ਕਲਚਰਲ ਫ਼ਾਊਂਡੇਸ਼ਨ ਟਰੱਸਟ’ ਦਾ ਗਠਨ ਕੀਤਾ ਸੀ।

ਸਿਖਰਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਯੋਧਿਆ ’ਚ ਰਾਮ ਮੰਦਰ ਦੀ ਉਸਾਰੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ, ਅਤੇ ਅਗਲੇ ਸਾਲ 24 ਜਨਵਰੀ ਨੂੰ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਜਦਕਿ ਧਨੀਪੁਰ ’ਚ ਮਸਜਿਦ ਦੀ ਉਸਾਰੀ ਅਜੇ ਸ਼ੁਰੂ ਵੀ ਨਹੀਂ ਹੋ ਸਕੀ ਹੈ। ‘ਇੰਡੋ ਇਸਲਾਮਿਕ ਕਲਚਰਲ ਫ਼ਾਊਂਡੇਸ਼ਨ ਟਰੱਸਟ’ ਦੇ ਇਸ ਪ੍ਰਾਜੈਕਟ ’ਚ ਸਮੇਂ-ਸਮੇਂ ’ਤੇ ਰੇੜਕੇ ਆਉਂਦੇ ਰਹੇ ਹਨ। ਇਸ ਤੋਂ ਪਹਿਲਾਂ ਜ਼ਮੀਨ-ਪ੍ਰਯੋਗ ਬਦਲੀ ਨੂੰ ਲੈ ਕੇ ਵੀ ਰੇੜਕਾ ਫਸਿਆ ਰਿਹਾ ਸੀ। ਮਾਰਚ ’ਚ ਪ੍ਰਸ਼ਾਸਨਿਕ ਪ੍ਰਕਿਰਿਆ ਤੋਂ ਬਾਅਦ ਇਹ ਰੇੜਕਾ ਦੂਰ ਕਰ ਦਿਤਾ ਗਿਆ ਸੀ, ਪਰ ਹੁਣ ਵਿੱਤੀ ਰੇੜਕਿਆਂ ਕਾਰਨ ਮਸਜਿਦ ਪ੍ਰਾਜੈਕਟ ਅਟਕ ਗਿਆ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement