
ਜੀਂਦ ਵਿਚ ਰੈਲੀ ਰਾਹੀਂ ਸ਼ੁਰੂ ਕੀਤੀ ਚੋਣ ਪ੍ਰਚਾਰ ਮੁਹਿੰਮ
ਜੀਂਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤਾ ਜਾਣਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਮੀਲ ਦਾ ਪੱਥਰ ਹੈ ਅਤੇ ਇਹ ਰਾਜ ਦਾ ਵਿਕਾਸ ਯਕੀਨੀ ਕਰੇਗਾ। ਸ਼ਾਹ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਟਾਂ ਦੇ ਗੜ੍ਹ ਜੀਂਦ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਸ਼ਾਹ ਨੇ ਕਿਹਾ ਕਿ ਚੀਫ਼ ਆਫ਼ ਡਿਫ਼ੈਂਸ ਸਟਾਫ਼ ਦਾ ਅਹੁਦਾ ਕਾਇਮ ਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਜ਼ਾਦੀ ਦਿਵਸ ਮੌਕੇ ਐਲਾਨ ਦੇਸ਼ ਦੇ ਰਖਿਆ ਪ੍ਰਬੰਧ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਅਹੁਦਾ ਕਾਇਮ ਕਰਨ ਦੀ ਸਿਫ਼ਾਰਸ਼ 1999 ਦੀ ਜੰਗ ਮਗਰੋਂ ਕੀਤੀ ਗਈ ਸੀ।
BJP
ਇਸ ਦਾ ਉਦੇਸ਼ ਫ਼ੌਜ ਦੇ ਤਿੰਨਾਂ ਅੰਗਾਂ ਅਤੇ ਸਰਕਾਰ ਤੇ ਫ਼ੌਜ ਵਿਚਾਲੇ ਬਿਹਤਰ ਤਾਲਮੇਲ ਪੈਦਾ ਕਰਨਾ ਹੈ। ਸ਼ਾਹ ਨੇ ਰੈਲੀ ਦੌਰਾਨ ਕਿਹਾ ਕਿ ਸੂਬੇ ਵਿਚ ਭਾਜਪਾ ਇਸ ਵਾਰ 75 ਤੋਂ ਵੱਧ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨਾਤੇ ਜਦ ਵੀ ਹਰਿਆਣਾ ਵਿਚ ਉਹ ਝੋਲੀ ਲੈ ਕੇ ਆਏ ਹਨ ਤਾਂ ਹਰਿਆਣਾ ਵਾਲਿਆਂ ਨੇ ਉਨ੍ਹਾਂ ਦੀ ਝੋਲੀ ਕਮਲ ਦੇ ਫੁੱਲਾਂ ਨਾਲ ਭਰ ਕੇ ਭੇਜੀ ਹੈ ਅਤੇ ਇਸ ਵਾਰ ਉਹ ਪਾਰਟੀ ਨੂੰ 75 ਤੋਂ ਵੱਧ ਸੀਟਾਂ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਆਇਆ ਸੀ ਤਾਂ ਮੁਕੰਮਲ ਬਹੁਮਤ ਵਾਲੀ ਸਰਕਾਰ ਬਣਵਾ ਦਿਤੀ। ਲੋਕ ਸਭਾ ਚੋਣਾਂ ਵਿਚ ਆਇਆ ਤਾਂ 300 ਤੋਂ ਵੱਧ ਸੀਟਾਂ ਪਾਰ ਕਰਵਾ ਦਿਤੀਆਂ। ਇਸ ਵਾਰ ਵੀ ਜਦ ਚੋਣਾਂ ਹੋਣਗੀਆਂ ਤਾਂ ਵੀਰ ਭੂਮੀ ਫਿਰ ਇਕ ਵਾਰ ਮਨੋਹਰ ਲਾਲ ਨੂੰ ਆਸ਼ੀਰਵਾਦ ਦੇਵੇਗੀ।
Amit Shah
ਸ਼ਾਹ ਨੇ ਕਿਹਾ ਕਿ ਧਾਰਾ 370 ਖ਼ਤਮ ਕਰਨ ਨਾਲ ਜੰਮੂ ਕਸ਼ਮੀਰ ਅਤੇ ਲੱਦਾਖ਼ ਦੇ ਵਿਕਾਸ ਵਿਚ ਮਦਦ ਨਾਲ ਹੀ ਖੇਤਰ ਨੂੰ ਅਤਿਵਾਦ ਮੁਕਤ ਬਣਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਅਪਣੇ ਦੂਜੇ ਕਾਰਜਕਾਲ ਵਿਚ ਸੱਤਾ ਵਿਚ ਆਉਣ ਮਗਰੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ 75 ਦਿਨਾਂ ਅੰਦਰ ਖ਼ਤਮ ਕਰ ਦਿਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੋਟ ਬੈਂਕ ਕਾਰਨ 75 ਸਾਲਾਂ ਦੌਰਾਨ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਕਹਿੰਦੇ ਰਹੇ ਹਨ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ ਪਰ ਧਾਰਾ 370 ਅਜਿਹਾ ਸੰਦੇਸ਼ ਦਿੰਦੀ ਸੀ ਕਿ ਹਾਲੇ ਵੀ ਕੁੱਝ ਅਧੂਰਾ ਹੈ।