
ਇਸ ਮਹੀਨੇ ਕਿਸੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ ਕਰਨ ਦਾ ਇਹ ਚੌਥਾ ਮਾਮਲਾ, ਆਈ.ਆਈ.ਟੀ.-ਜੇ.ਈ.ਈ. ਇਮਤਿਹਾਨ ਦੀ ਕਰ ਰਿਹਾ ਸੀ ਤਿਆਰੀ
ਕੋਟਾ (ਰਾਜਸਥਾਨ): ਬਿਹਾਰ ’ਚ ਗਯਾ ਜ਼ਿਲ੍ਹੇ ਦੇ ਇਕ 18 ਸਾਲਾਂ ਦੇ ਵਿਦਿਆਰਥੀ ਨੇ ਰਾਜਸਥਾਨ ਦੇ ਕੋਟਾ ’ਚ ਕਿਰਾਏ ਦੇ ਕਮਰੇ ’ਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੀੜਤ ਵਿਦਿਆਰਥੀ ਆਈ.ਆਈ.ਟੀ.-ਜੇ.ਈ.ਈ. ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਕੋਚਿੰਗ ਕਰਨ ਵਾਲੇ ਵਿਦਿਆਰਥੀਆਂ ਵਲੋਂ ਕਥਿਤ ਤੋਰ ’ਤੇ ਖ਼ੁਦਕੁਸ਼ੀ ਕੀਤੇ ਜਾਣ ਦਾ ਇਹ ਇਸ ਮਹੀਨੇ ਚੌਥਾ ਮਾਮਲਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੋ ਯਾਤਰੀਆਂ ਕੋਲੋਂ ਅਤੇ 490 ਗ੍ਰਾਮ ਸੋਨਾ ਤੇ 57 ਆਈਫੋਨ ਬਰਾਮਦ
ਵਿਦਿਆਰਥੀ ਵਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਮੰਗਲਵਾਰ ਰਾਤ ਨੂੰ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਸ ਨੂੰ ਨਿਊ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ ’ਚ ਰਖਿਆ ਹੈ। ਵਿਦਿਆਰਥੀ ਦੇ ਮਾਪਿਆਂ ਦੇ ਆਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।
ਮ੍ਰਿਤਕ ਦੀ ਪਛਾਣ ਵਾਲਮੀਕਿ ਪ੍ਰਸਾਦ ਵਜੋਂ ਹੋਈ ਹੈ। ਉਹ ਇਕ ਕੋਚਿੰਗ ਸੰਸਥਾਨ ’ਚ ਪਿਛਲੇ ਅਕਾਦਮਿਕ ਸੈਸ਼ਨ ਤੋਂ ਆਈ.ਆਈ.ਟੀ.-ਜੇ.ਈ.ਈ. ਦਾਖ਼ਲਾ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਅਤੇ ਮਹਾਵੀਰ ਨਗਰ ਇਲਾਕੇ ’ਚ ਇਕ ਕਮਰੇ ’ਚ ਪੇਇੰਗ ਗੈਸਟ ਵਜੋਂ ਰਹਿ ਰਿਹਾ ਸੀ।
ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਲੋਂ ਖ਼ੇਤਾਂ ’ਚੋਂ 3 ਕਿਲੋ ਹੈਰੋਇਨ ਬਰਾਮਦ
ਮਹਾਵੀਰ ਨਗਰ ਪੁਲਿਸ ਥਾਣੇ ਦੇ ਅਧਿਕਾਰੀ ਪਰਮਜੀਤ ਪਟੇਲ ਨੇ ਕਿਹਾ ਕਿ ਵਿਦਿਆਰਥੀ ਨੇ ਮੰਗਲਵਾਰ ਨੂੰ ਕਮਰੇ ’ਚ ਇਕ ਲੋਹੇ ਦੀ ਰਾਡ ’ਚ ਫੰਦੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦਸਿਆ ਕਿ ਵਿਦਿਆਰਥੀ ਨੂੰ ਆਖ਼ਰੀ ਵਾਰੀ ਸੋਮਵਾਰ ਸ਼ਾਮ ਨੂੰ ਵੇਖਿਆ ਗਿਆ ਸੀ। ਉਨ੍ਹਾਂ ਦਸਿਆ ਕਿ ਕਮਰੇ ’ਚੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਕੋਟਾ ’ਚ ਇਸ ਮਹੀਨੇ ਦੀ ਸ਼ੁਰੂਆਤ ’ਚ ਕੋਚਿੰਗ ਸੰਸਥਾਨਾਂ ’ਚ ਪੜ੍ਹਾਈ ਕਰਨ ਵਾਲੇ ਆਈ.ਆਈ.ਟੀ.-ਜੇ.ਈ.ਈ. ਨੇ ਦੇ ਅਤੇ ਐਨ.ਈ.ਈ.ਟੀ.-ਯੂ.ਜੀ. ਦੇ ਇਕ ਉਮੀਦਵਾਰ ਨੇ ਵੀ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਅਜਿਹੇ ਮਾਮਲਿਆਂ ਦੀ ਗਿਣਤੀ 20 ਹੋ ਗਈ ਹੈ। ਪਿਛਲੇ ਸਾਲ ਇੱਥੇ ਖ਼ੁਦਕੁਸ਼ੀ ਦੇ 15 ਮਾਮਲੇ ਸਾਹਮਣੇ ਆਏ ਸਨ।