
ਐਂਟੀ ਕਰੱਪਸ਼ਨ ਬਿਊਰੋ ਦੇ ਛਾਪੇ ਦੌਰਾਨ ਬਿਨਾਂ ਲਾਇਸੈਂਸੀ ਪਿਸਤੌਲ ਅਤੇ 24 ਲੱਖ ਨਕਦੀ ਬਰਾਮਦ
ਨਵੀਂ ਦਿੱਲੀ:ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਂਟੀ ਕਰੱਪਸ਼ਨ ਬਿਊਰੋ ਨੇ ਸ਼ੁੱਕਰਵਾਰ ਨੂੰ ਉਹਨਾਂ ਦੇ ਘਰ ਸਮੇਤ ਪੰਜ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਅਮਾਨਤੁੱਲ੍ਹਾ ਦੇ ਦੋ ਕਰੀਬੀ ਸਾਥੀਆਂ ਦੇ ਟਿਕਾਣਿਆਂ ਤੋਂ 24 ਲੱਖ ਦੀ ਨਕਦੀ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਇਹਨਾਂ ਵਿਚੋਂ ਇਕ ਪਿਸਤੌਲ ਵਿਦੇਸ਼ੀ ਹੈ, ਜਿਸ ਦਾ ਲਾਇਸੈਂਸ ਨਹੀਂ ਹੈ।
ਵਕਫ਼ ਬੋਰਡ ਨਾਲ ਜੁੜੇ ਘੁਟਾਲੇ ਦੇ ਸਿਲਸਿਲੇ 'ਚ ਏਸੀਬੀ ਨੇ ਵਿਧਾਇਕ ਦੇ ਘਰ ਤੋਂ ਇਲਾਵਾ ਜਾਮੀਆ, ਓਖਲਾ ਅਤੇ ਗਫੂਰ ਨਗਰ 'ਚ ਪੰਜ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।ਏਸੀਬੀ ਦੀ ਕਾਰਵਾਈ 'ਤੇ ਅਮਾਨਤੁੱਲ੍ਹਾ ਨੇ ਕਿਹਾ ਕਿ ਜਾਂਚ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਪਰੋਂ ਦਬਾਅ ਹੈ ਪਰ ਇਹ ਲੋਕ ਵਕਫ਼ ਬੋਰਡ ਦੇ ਸੀਈਓ ਦੀ ਸ਼ਿਕਾਇਤ 'ਤੇ ਅਜਿਹਾ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਖਾਨ 'ਤੇ ਵਕਫ ਬੋਰਡ ਦੇ ਬੈਂਕ ਖਾਤੇ 'ਚ ਹੇਰਾਫੇਰੀ, ਬੋਰਡ ਦੀ ਜਾਇਦਾਦ 'ਚ ਕਿਰਾਏ 'ਤੇ ਨਿਰਮਾਣ, ਵਾਹਨਾਂ ਦੀ ਖਰੀਦ, ਭ੍ਰਿਸ਼ਟਾਚਾਰ, ਆਪਣੇ ਕਰੀਬੀਆਂ ਦੀ ਨਿਯੁਕਤੀ ਸਮੇਤ 33 ਦੋਸ਼ ਹਨ। ਏਸੀਬੀ ਨੇ 2020 ਵਿਚ ਕੇਸ ਦਰਜ ਕੀਤਾ ਸੀ। ਖਾਨ 'ਤੇ 2018 ਤੋਂ 2020 ਦਰਮਿਆਨ ਘਪਲੇ ਦਾ ਦੋਸ਼ ਹੈ। ਇਸ ਸਾਲ ਅਗਸਤ ਵਿਚ ਏਸੀਬੀ ਨੇ ਐਲਜੀ ਨੂੰ ਇਕ ਪੱਤਰ ਲਿਖਿਆ ਸੀ ਕਿ ਅਮਾਨਤੁੱਲ੍ਹਾ ਨੂੰ ਵਕਫ਼ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ।