
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਗੁੜਗਾਉਂ ਪਟੌਦੀ ਵਿਖੇ ਸਿੱਖ ਕਤਲੇਆਮ ਦੌਰਾਨ ਕਤਲ ਕੀਤੇ 47 ਸਿੱਖਾਂ........
ਹਠੂਰ : ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਗੁੜਗਾਉਂ ਪਟੌਦੀ ਵਿਖੇ ਸਿੱਖ ਕਤਲੇਆਮ ਦੌਰਾਨ ਕਤਲ ਕੀਤੇ 47 ਸਿੱਖਾਂ ਤੇ ਉਨ੍ਹਾਂ ਦੇ 297 ਘਰਾਂ ਨੂੰ ਬੁਰੀ ਤਰ੍ਹਾਂ ਲੁੱਟ ਕੇ ਸਾੜ ਫੂਕ ਕਰ ਕੇ ਤਬਾਹ ਕਰ ਦਿਤਾ ਗਿਆ ਸੀ। 2 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਇਸ ਸਮੇਂ ਪੀੜਤ ਪਰਵਾਰ ਸੰਤੋਖ ਸਿੰਘ ਸਾਹਨੀ ਤੇ ਗੁਰਜੀਤ ਸਿੰਘ ਪਟੌਦੀ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਤੇ ਹਰਿਆਣਾ ਸੂਬੇ ਵਿਚ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਪੀੜਤ ਪਰਵਾਰਾਂ ਨੂੰ ਬਿਨਾ ਲਾਰੇ ਤੋਂ ਇਨਸਾਫ਼ ਨਹੀਂ ਦਿਵਾ ਸਕੀਆਂ।
ਅੱਜ ਵੀ ਪੀੜਤ ਪਰਵਾਰ ਕਿਰਾਏ ਦੇ ਘਰਾਂ 'ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਟੀ.ਪੀ. ਗਰਗ ਕਮਿਸ਼ਨ ਦੇ 4 ਸਾਲ ਹਿਸਾਰ 'ਚ ਚੱਲੇ ਲੰਬੇ ਕੇਸ ਦੌਰਾਨ ਪੀੜਤ ਪਰਵਾਰਾਂ ਦੀਆਂ ਹੋਈਆਂ ਚਸ਼ਮਦੀਦ ਗਵਾਹੀਆਂ ਤੋਂ ਪੀੜਤ ਪਰਵਾਰ ਆਸਬੰਦ ਸਨ ਪਰ ਕਮਿਸ਼ਨ ਵਲੋਂ ਦਿਤੇ ਫ਼ੈਸਲੇ ਮੌਤ ਕੇਸ 15 ਲੱਖ, ਘਰ ਦਾ 5 ਲੱਖ, ਦੁਕਾਨ ਦਾ 1 ਲੱਖ , 5 ਲੱਖ ਬੋਤੇ ਦੇ ਮੂੰਹ ਵਿਚ ਜੀਰੇ ਬਰਾਬਰ ਹੈ ਕਿਉਂਕਿ ਉਹ ਵੱਡੀਆਂ ਹਵੇਲੀਆਂ, ਜਾਇਦਾਦਾਂ, ਫ਼ੈਕਟਰੀਆਂ ਦੇ ਮਾਲਕ ਸਨ ਪਰ ਟੀ.ਪੀ. ਗਰਗ ਕਮਿਸ਼ਨ ਵਲੋਂ ਦਿਤੇ ਫ਼ੈਸਲੇ ਤੋਂ ਡਾਢੇ ਦੁਖੀ ਤੇ ਨਿਰਾਸ਼ ਹਨ।
ਪੀੜਤ ਪਰਵਾਰਾਂ ਨੇ ਕਿਹਾ ਕਿ 34 ਸਾਲ ਦਾ ਚੱਕਰਵਰਤੀ ਵਿਆਜ ਪਾ ਕੇ ਇਕ ਕਰੋੜ ਰੁਪਿਆ ਬਣਦਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ 'ਤੇ ਇਕ ਪਰਵਾਰ ਨੂੰ ਸਰਕਾਰੀ ਨੌਕਰੀ, ਪੈਨਸ਼ਨ ਤੇ ਇਕ ਕਰੋੜ ਦਾ ਬਣਦਾ ਮੁਆਵਜ਼ਾ ਹਰਿਆਣਾ ਸਰਕਾਰ ਪੀੜਤ ਪਰਵਾਰਾਂ ਨੂੰ ਜਲਦੀ ਦੇਵੇ, ਉਹ ਆਪਣੇ ਹੱਕ ਮੰਗ ਰਹੇ ਹਨ ਨਾ ਕਿ ਭੀਖ ਮੰਗ ਰਹੇ ਹਨ। ਇਸ ਮੌਕੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਕਈ ਪੀੜਤ ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਵਿਚ ਰੱਬ ਨੂੰ ਪਿਆਰੇ ਹੋ ਗਏ ਹਨ। ਬਹੁਤ ਅਫਸੋਸ ਦੀ ਗੱਲ ਹੈ
ਕਿ 34 ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਾ ਮਿਲਣਾ, ਕਿਸੇ ਦੋਸ਼ੀ ਨੂੰ ਫਾਂਸੀ ਜਾਂ ਸਜ਼ਾ ਨਾ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਵਾਰਾਂ ਨੂੰ ਨਾਲ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵਫ਼ਦ ਦੇ ਰੂਪ ਵਿਚ ਜਲਦੀ ਮਿਲਣਗੇ, ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਤਕ ਸੰਘਰਸ਼ ਜਾਰੀ ਰਹੇਗਾ। ਜੇ ਹਰਿਆਣਾ ਸਰਕਾਰ ਨੇ ਪੀੜਤਾਂ ਦੀ ਫਰਿਆਦ ਨੂੰ ਅਣਸੁਣਿਆ ਕੀਤਾ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਹਾਈਕੋਰਟ ਦੇ ਉਚ ਵਕੀਲਾਂ ਰਾਹੀਂ ਇਨਸਾਫ਼ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।