
ਸਿੰਘੂ ਬਾਰਡਰ 'ਤੇ ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਗਏ ਲਖਬੀਰ ਸਿੰਘ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਸੀ
ਤਰਨਤਾਰਨ (ਨਿਸ਼ਾਨ ਸਹੋਤਾ) : ਸਿੰਘੂ ਬਾਰਡਰ 'ਤੇ ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਗਏ ਲਖਬੀਰ ਸਿੰਘ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ,ਬਾਰੇ ਮ੍ਰਿਤਕ ਦੇ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਲਖਬੀਰ ਸਿੰਘ ਨਸ਼ੇ ਅਤੇ ਸ਼ਰਾਬ ਪੀਣ ਦਾ ਆਦੀ ਸੀ।
ਇਸ ਘਟਨਾ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਲਖਬੀਰ ਸਿੰਘ ਵੱਲੋਂ ਜੋ ਘਟਨਾ ਕੀਤੀ ਗਈ ਭਾਵੇਂ ਕਿ ਉਹ ਲਾਲਚ ਜਾਂ ਨਸ਼ੇ ਦੀ ਲੋਰ ਵਿੱਚ ਕੀਤੀ ਗਈ ਪਰ ਬੜੀ ਹੀ ਮੰਦਭਾਗੀ ਘਟਨਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਲਖਬੀਰ ਸਿੰਘ ਪਿੰਡ ਵਿਚ ਲੇਬਰ ਦਾ ਕੰਮ ਕਰਦਾ ਸੀ ਅਤੇ ਨਸ਼ੇੜੀ ਹੋਣ ਕਾਰਨ ਕੋਈ ਇਸ ਨਾਲ ਰਾਬਤਾ ਨਹੀਂ ਰੱਖਦਾ ਸੀ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਿੰਡ ਵਾਲਿਆਂ ਨੇ ਕਿਹਾ ਕਿ ਮ੍ਰਿਤਕ ਦਾ ਪਿੰਡ ਕਲਸ ਸੀ ਉਸ ਦਾ ਸਾਡੇ ਪਿੰਡ ਨਾਲ ਕੋਈ ਵਾਸਤਾ ਨਹੀਂ ਹੈ।
ਪਿੰਡ ਵਾਸੀਆਂ ਨੇ ਕਿਹਾ ਕੇ ਮ੍ਰਿਤਕ ਦੀ ਦੇਹ ਪਿੰਡ ਨਾ ਲਿਆਂਦੀ ਜਾਵੇ ਕਿਉਂਕਿ ਉਹ ਉਸ ਦਾ ਸਸਕਾਰ ਇਥੇ ਨਹੀਂ ਕਰਨ ਦੇਣਗੇ।
ਉਨ੍ਹਾਂ ਦੱਸਿਆ ਕੇ ਮ੍ਰਿਤਕ ਦੀ ਇੱਕ ਭੈਣ ਇਸ ਪਿੰਡ ਵਿਚ ਰਹਿੰਦੀ ਹੈ ਅਤੇ ਉਹ ਵੀ ਹੀ ਚਾਹੁੰਦੀ ਹੈ ਕਿ ਮ੍ਰਿਤਕ ਦੀ ਦੇਹ ਪਿੰਡ ਨਾ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ ਪਿੰਡ ਦਾ ਨਾਮ ਬਦਨਾਮ ਕੀਤਾ ਹੈ ਇਸ ਲਈ ਅਜਿਹੇ ਨਿਕੰਮੇ ਬੰਦੇ ਦਾ ਪਿੰਡ ਵਿਚ ਸਸਕਾਰ ਨਹੀਂ ਕਰਨ ਦਿੱਤਾ ਜਾਵੇਗਾ।
ਸਥਾਨਕ ਲੋਕਾਂ ਵਲੋਂ ਮ੍ਰਿਤਕ ਵਲੋਂ ਕੀਤੇ ਇਸ ਕਰੇ ਦੀ ਰੱਜ ਕੇ ਨਿਖੇਦੀ ਕੀਤੀ ਗਈ ਹੈ। ਵਸਨੀਕਾਂ ਨੇ ਕਿਹਾ ਕਿ ਪਿੰਡ ਵਿਚ ਹਰ ਜਾਤੀ ਦੇ ਲੋਕ ਰਹਿੰਦੇ ਹਨ ਇਸ ਲਈ ਇਸ ਨੂੰ ਸਿਆਸਤ ਦਾ ਰੰਗ ਨਾ ਦਿੱਤਾ ਜਾਵੇ ਅਤੇ ਇਸ ਨੂੰ ਇੱਕ ਮੁੱਦਾ ਨਾ ਬਣਾਇਆ ਜਾਵੇ
ਸਗੋਂ ਸਾਰੇ ਰਲ ਮਿਲ ਕੇ ਰਹਿਣ।
ਇਹ ਸਭ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਖੁਦ ਇਕੱਲਾ ਕਦੀ ਵੀ ਕਿਤੇ ਨਹੀਂ ਗਿਆ ਉਸ ਨੂੰ ਕਿਸੇ ਸਾਜਿਸ਼ ਤਹਿਤ ਲਿਜਾਇਆ ਗਿਆ ਹੈ।
ਪਿੰਡ ਦੀ ਪੰਚਾਇਤ ਵਲੋਂ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ ਇਸ ਨੂੰ ਕਿਸੇ ਨੇ ਪੈਸੇ ਦਾ ਲਾਲਚ ਦੇ ਕੇ ਅਜਿਹਾ ਕੰਮ ਕਰਵਾਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ੇ ਦੀ ਲਤ ਕਾਰਨ ਮ੍ਰਿਤਕ ਚੋਰੀਆਂ ਵੀ ਕਰਦਾ ਸੀ ਅਤੇ ਉਸ ਨੂੰ ਕਿਸੇ ਨੇ ਲਾਲਚ ਦੇ ਕੇ ਮੋਰਚੇ ਦਾ ਹਿੱਸਾ ਬਣਾਇਆ ਜਿਸ ਦੀ ਜਾਂਚ ਕੀਤੀ ਜਾਵੇ ਕਿ ਉਸ ਨੂੰ ਸਿੰਘੂ ਬਾਰਡਰ 'ਤੇ ਕੌਣ ਲੈ ਕੇ ਗਿਆ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ
ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲਖਬੀਰ ਸਿੰਘ ਦੀ ਦੇਹ ਦਾ ਦਿੱਲੀ ਵਿੱਚ ਹੀ ਅੰਤਿਮ ਸਸਕਾਰ ਕਰ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਵੱਲੋਂ ਉਸ ਦਾ ਸਸਕਾਰ ਪਿੰਡ ਵਿਚ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਖੁੱਲ੍ਹ ਕੇ ਵਿਰੋਧ ਵੀ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਦੂਜੀਆ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ 'ਤੇ ਕੋਈ ਵੀ ਪ੍ਰਤੀਕਿਰਿਆ ਕਰ ਕੇ ਇਸ ਮਾਮਲੇ ਨੂੰ ਹੋਰ ਭੜਕਾਇਆ ਨਾ ਜਾਵੇ।
ਦੱਸ ਦਈਏ ਕਿ ਜਦੋਂ ਸਾਡੀ ਪੱਤਰਕਾਰਾਂ ਦੀ ਟੀਮ ਲਖਬੀਰ ਸਿੰਘ ਦੇ ਘਰ ਪਹੁੰਚੀ ਤਾਂ ਘਰ ਵਿੱਚ ਕੋਈ ਵੀ ਮੈਂਬਰ ਮੌਕੇ 'ਤੇ ਮੌਜੂਦ ਨਹੀਂ ਪਾਇਆ ਗਿਆ।